ਪ੍ਰਮੁੱਖ ਸਲਾਹਕਾਰ ਪੀ. ਸੀ. ਏ. ’ਤੇ ਥੋਪਿਆ ਗਿਆ, ਸੰਵਿਧਾਨ ’ਚ ਅਜਿਹਾ ਕੋਈ ਅਹੁਦਾ ਹੈ ਹੀ ਨਹੀਂ

Thursday, Nov 03, 2022 - 10:49 PM (IST)

ਜਲੰਧਰ (ਵਿਸ਼ੇਸ਼)–ਜਦੋਂ ਕੋਈ ਵੱਡਾ ਤੇ ਇੱਜ਼ਤਦਾਰ ਕ੍ਰਿਕਟਰ ਕਿਸੇ ਸੰਸਥਾ ਨਾਲ ਜੁੜਦਾ ਹੈ ਤਾਂ ਇਕ ਉਮੀਦ ਬਣਦੀ ਹੈ ਕਿ ਉਹ ਉਸ ਕ੍ਰਿਕਟ ਦੀ ਭਲਾਈ ਲਈ ਹਰ ਜ਼ਰੂਰੀ ਕੋਸ਼ਿਸ਼ ਕਰੇਗਾ, ਜਿਹੜੀ ਕ੍ਰਿਕਟ ਦੀ ਬਿਹਤਰੀ ਲਈ ਹੋਵੇਗੀ ਪਰ ਉਸ ਸਮੇਂ ਬਹੁਤ ਦੁੱਖ ਹੁੰਦਾ ਹੈ ਜਦੋਂ ਉਹ ਦੂਜਿਆਂ ਨੂੰ ਰੋਕਣ ਦੀ ਬਜਾਏ ਖੁਦ ਉਨ੍ਹਾਂ ਅਨੈਤਿਕ ਕੰਮਾਂ ਵਿਚ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ। ਕ੍ਰਿਕਟਰ ਤੋਂ ਰਾਜਨੇਤਾ ਬਣੇ ਪੀ. ਸੀ. ਏ. ਦੇ ਪ੍ਰਮੁੱਖ ਸਲਾਹਕਾਰ ਨੇ ਜਦੋਂ ਪੀ. ਸੀ.ਏ. ਦੀਆਂ ਗਤੀਵਿਧੀਆਂ ਵਿਚ ਦਖਲਅੰਦਾਜ਼ੀ ਕਰਨੀ ਸ਼ੁਰੂ ਕੀਤੀ ਹੈ ਤਦ ਤੋਂ ਹੀ ਪੀ. ਸੀ. ਏ. ਇਕ ਜੰਗ ਦਾ ਅਖਾੜਾ ਬਣ ਚੁੱਕਾ ਹੈ। ਸਲਾਹਕਾਰ ਸਲਾਹ ਦੇਣ ਦੀ ਬਜਾਏ ਨਿਡਰ ਤਰੀਕੇ ਨਾਲ ਹੁਕਮ ਚਲਾਉਣ ਦਾ ਹਰ ਹਥਕੰਡਾ ਅਪਣਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ‘ਆਪ’ ਦੀ ਸਰਪ੍ਰਸਤੀ ਮਿਲਣ ਦੇ ਕਾਰਨ ਅਨੈਤਿਕ ਲੋਕ ਪੀ. ਸੀ.ਏ. ਦਾ ਹਿੱਸਾ ਬਣੇ ਹੋਏ ਹਨ।

ਇਕ ਪੀ. ਸੀ. ਏ. ਦਾ ਸੱਟੇਬਾਜ਼ ਤੇ 2 ਐਪੈਕਸ ਕੌਂਸਲ ਦੇ ਮੈਂਬਰ ਇਸ ਸਲਾਹਕਾਰ ਦੀ ਵਜ੍ਹਾ ਨਾਲ ਹੀ ਪੀ. ਸੀ. ਏ. ਵਿਚ ਸਥਾਪਤ ਕੀਤੇ ਗਏ ਹਨ ਜਦਕਿ ਕ੍ਰਿਕਟ ਦੇ ਖੇਤਰ ਵਿਚ ਇਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ। ਪ੍ਰਮੁੱਖ ਸਲਾਹਕਾਰ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਸਾਹਿਬਜੀਤ ਸਿੰਘ ਸੇਂਹਬੀ ਤੇ ਵਿਕਰਮ ਕੁਮਾਰ 2 ਅਜਿਹੇ ਐਪੈਕਸ ਕੌਂਸਲ ਦੇ ਮੈਂਬਰ ਹਨ, ਜਿਹੜੇ ਮੁਹੱਲਾ ਕ੍ਰਿਕਟ ਤੋਂ ਵੀ ਅੱਗੇ ਨਹੀਂ ਖੇਡੇ ਹਨ। ਕੀ ਇਹ ਉਨ੍ਹਾਂ ਖਿਡਾਰੀਆਂ ਨਾਲ ਬੇਇਨਸਾਫੀ ਨਹੀਂ ਹੈ, ਜਿਨ੍ਹਾਂ ਨੇ ਪੰਜਾਬ ਕ੍ਰਿਕਟ ਲਈ ਆਪਣਾ ਖੂਨ-ਪਸੀਨਾ ਵਹਾਉਣ ਵਿਚ ਕੋਈ ਕੋਤਾਹੀ ਨਹੀਂ ਕੀਤੀ ਹੈ। ਸਾਹਿਬਜੀਤ ਸਿੰਘ ਸਲਾਹਕਾਰ ਦਾ ਸਭ ਤੋਂ ਕਰੀਬੀ ਰਿਸ਼ਤੇਦਾਰ ਹੈ ਤੇ ਵਿਕਰਮ ਕੁਮਾਰ ਉਸਦਾ ਬਿਜ਼ਨੈੱਸ ਪਾਰਟਨਰ ਹੈ, ਜਿਹੜਾ ਉਸ ਦੀਆਂ ਹਰ ਗਤੀਵਿਧੀਆਂ ਦਾ ਰਾਜ਼ਦਾਰ ਵੀ ਹੈ। ਇੰਨਾ ਇਨਾਮ ਤਾਂ ਉਨ੍ਹਾਂ ਨੂੰ ਮਿਲਣਾ ਹੀ ਚਾਹੀਦਾ ਹੈ ਤੇ ਇਨ੍ਹਾਂ ਨੂੰ ਮਿਲ ਵੀ ਗਿਆ ਹੈ, ਜਦਕਿ ਕਿਸੇ ਵੀ ਦ੍ਰਿਸ਼ਟੀ ਤੋਂ ਇਹ ਇਨ੍ਹਾਂ ਅਹੁਦਿਆਂ ਦੇ ਯੋਗ ਨਹੀਂ ਹਨ। ਪੀ. ਸੀ. ਏ. ਦਾ ਇਹ ਸਲਾਹਕਾਰ ਵੀ ਹੁਣ ਰਿਓੜੀ ਕਲਚਰ ਦਾ ਹਿੱਸੇਦਾਰ ਬਣ ਚੁੱਕਾ ਹੈ। ਪੀ. ਸੀ. ਏ. ਵਿਚ ਪ੍ਰਮੁੱਖ ਸਲਾਹਕਾਰ ਦੀ ਨਿਯੁਕਤੀ ਗੈਰ-ਕਾਨੂੰਨੀ ਹੈ। ਪੀ. ਸੀ. ਏ. ਦੇ ਸੰਵਿਧਾਨ ਵਿਚ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਕਿਸੇ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਫਿਰ ਕੀ ਇਨ੍ਹਾਂ ਨੂੰ ਸਰਕਾਰ ਵਲੋਂ ਜ਼ਬਰਦਸਤੀ ਇਸ ਲਈ ਥੋਪਿਆ ਗਿਆ ਹੈ ਕਿ ਰਿਓੜੀਆਂ ਖਾਓ ਵੀ ਤੇ ਵੰਡੋ ਵੀ ਪਰ ਸਿਰਫ ਆਪਣਿਆਂ ਨੂੰ।
 


Manoj

Content Editor

Related News