PM ਮੋਦੀ ਨੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਬਦਲਣ ਦਾ ਕੀਤਾ ਐਲਾਨ, ਹੁਣ ਹੋਵੇਗਾ ਇਹ ਨਵਾਂ ਨਾਂ
Friday, Aug 06, 2021 - 02:15 PM (IST)
ਨਵੀਂ ਦਿੱਲੀ– ਭਾਰਤ ’ਚ ਦਿੱਤੇ ਜਾਣ ਵਾਲੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦਾ ਨਾਂ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨਚੰਦ ਦੇ ਨਾਂ ’ਤੇ ਰਖਿਆ ਜਾਵੇਗਾ। ਮੇਜਰ ਧਿਆਨਚੰਦ ਉਨ੍ਹਾਂ ਖਿਡਾਰੀਆਂ ’ਚ ਸ਼ੁਮਾਰ ਹਨ, ਜਿਨ੍ਹਾਂ ਨੇ ਭਾਰਤ ਦਾ ਨਾਂ ਦੁਨੀਆ ’ਚ ਰੌਸ਼ਨ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਲੰਬੇ ਸਮੇਂ ਤੋਂ ਇਸ ਬਦਲਾਅ ਦੀ ਮੰਗ ਕਰ ਰਹੇ ਸਨ। ਨਵੇਂ ਐਲਾਨ ਦੇ ਬਾਅਦ ਹੁਣ ਪੁਰਸਕਾਰ ਨੂੰ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਕਿਹਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਕ ਦਿਨ ਪਹਿਲਾਂ ਹੀ ਭਾਰਤ ਨੇ ਟੋਕੀਓ ’ਚ ਚਲ ਰਹੇ ਓਲੰਪਿਕਸ 2020 ’ਚ ਜਰਮਨੀ ਨੂੰ ਮਾਤ ਦੇ ਕੇ ਕਾਂਸੀ ਤਮਗ਼ਾ ਜਿੱਤਿਆ ਸੀ l
ਇਹ ਵੀ ਪੜ੍ਹੋ : Tokyo Olympics : ਭਾਰਤੀ ਮਹਿਲਾ ਹਾਕੀ ਟੀਮ ਤੋਂ ਤਮਗ਼ੇ ਦੀਆਂ ਉਮੀਦਾਂ ਟੁੱਟੀਆਂ, ਬ੍ਰਿਟੇਨ ਨੇ 4-3 ਨਾਲ ਹਰਾਇਆ
ਪੀ. ਐੱਮ. ਮੋਦੀ ਨੇ ਟਵੀਟ ਕੀਤਾ, ‘‘ਦੇਸ਼ ਨੂੰ ਮਾਣ ਮਹਿਸੂਸ ਕਰਾਉਣ ਵਾਲੇ ਪਲਾਂ ਦਰਮਿਆਨ ਦੇਸ਼ ਵਾਸੀਆਂ ਦੀ ਇਹ ਗੁਜ਼ਾਰਿਸ਼ ਵੀ ਸਾਹਮਣੇ ਆਈ ਹੈ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨਚੰਦ ਨੂੰ ਸਮਰਪਿਤ ਕੀਤਾ ਜਾਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਦਾ ਨਾਂ ਹੁਣ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਕੀਤਾ ਜਾ ਰਿਹਾ ਹੈ। ਜੈ ਹਿੰਦ। ਉਨ੍ਹਾਂ ਨੇ ਇਕ ਹੋਰ ਟਵੀਟ ’ਚ ਲਿਖਿਆ, ‘‘ਓਲੰਪਿਕ ਖੇਡਾਂ ’ਚ ਭਾਰਤੀ ਖਿਡਾਰੀਆਂ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਾਇਆ ਹੈ। ਖ਼ਾਸ ਕਰਕੇ ਹਾਕੀ ’ਚ ਸਾਡੇ ਪੁੱਤਰਾਂ ਤੇ ਧੀਆਂ ਨੇ ਜੋ ਇੱਛਾਸ਼ਕਤੀ ਦਿਖਾਈ ਹੈ, ਜਿੱਤ ਦੇ ਪ੍ਰਤੀ ਜੋ ਜਨੂੰਨ ਦਿਖਾਇਆ ਹੈ, ਉਹ ਅਜੌਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।