48 ਦੀ ਉਮਰ ’ਚ ਕੈਰੇਬੀਆਈ ਲੀਗ ’ਚ ਖੇਡਦਾ ਦਿਸੇਗਾ ਪ੍ਰਵੀਨ ਤਾਂਬੇ
Tuesday, Jul 07, 2020 - 11:58 PM (IST)
![48 ਦੀ ਉਮਰ ’ਚ ਕੈਰੇਬੀਆਈ ਲੀਗ ’ਚ ਖੇਡਦਾ ਦਿਸੇਗਾ ਪ੍ਰਵੀਨ ਤਾਂਬੇ](https://static.jagbani.com/multimedia/2020_7image_23_00_294814270frty.jpg)
ਨਵੀਂ ਦਿੱਲੀ– ਭਾਰਤ ਦਾ ਤਜਰਬੇਕਾਰੀ ਲੈੱਗ ਸਪਿਨਰ ਪ੍ਰਵੀਨ ਤਾਂਬੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) 2020 ਲਈ ਟ੍ਰਿਨਬਾਗੋ ਨਾਈਟ ਰਾਈਡਰਜ਼ ਦੇ ਨਾਲ ਕਰਾਰ ਕਰਨ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਵਿਚ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦੇ ਨਾਲ ਖੇਡ ਚੁੱਕੇ ਤਾਂਬੇ ਨੂੰ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ 7500 ਡਾਲਰ ’ਤੇ ਕਰਾਰਬੱਧ ਕੀਤਾ ਹੈ।
48 ਸਾਲਾ ਤਾਂਬੇ ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਜ਼, ਗੁਜਰਾਤ ਲਾਇਨਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਚੁੱਕਾ ਹੈ। ਉਸ ਨੂੰ ਆਈ. ਪੀ. ਐੱਲ. 2020 ਸੈਸ਼ਨ ਲਈ ਕੋਲਕਾਤਾ ਨਾਈਟ ਰਾਈਡਰਜ਼ ਨੇ ਕਰਾਰਬੱਧ ਕੀਤਾ ਸੀ ਪਰ ਯੂ. ਏ. ਈ. ਵਿਚ ਟੀ-10 ਲੀਗ ਵਿਚ ਸ਼ਾਮਲ ਹੋਣ ਦੇ ਕਾਰਣ ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਨੇ ਉਸ ਨੂੰ ਅਯੋਗ ਕਰਾਰ ਦਿੱਤਾ ਸੀ। ਸੀ. ਪੀ. ਐੱਲ. ਡਰਾਫਟ ਵਿਚ ਤਾਂਬੇ ਤੋਂ ਇਲਾਵਾ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦਾ ਸਾਬਕਾ ਬੱਲੇਬਾਜ਼ ਅਸਦ ਪਠਾਨ ਦੂਜਾ ਭਾਰਤੀ ਖਿਡਾਰੀ ਸੀ ਪਰ ਸੀ. ਪੀ. ਐੱਲ. ਵਿਚ ਕਿਸੇ ਫ੍ਰੈਂਚਾਇਜ਼ੀ ਨੇ ਉਸ ’ਤੇ ਬੋਲੀ ਨਹੀਂ ਲਾਈ। ਸੀ. ਪੀ. ਐੱਲ. ਟੂਰਨਾਮੈਂਟ 18 ਅਗਸਤ ਤੋਂ 10 ਸਤੰਬਰ ਤਕ ਖੇਡਿਆ ਜਾਵੇਗਾ।