ਪ੍ਰਣੀਤ, ਸਮੀਰ ਮਲੇਸ਼ੀਆ ਓਪਨ ''ਚ ਹਾਰੇ

06/28/2022 4:21:54 PM

ਕੁਆਲਾਲੰਪੁਰ- ਭਾਰਤੀ ਬੈਡਮਿੰਟਨ ਖਿਡਾਰੀਆਂ ਬੀ ਸਾਈ ਪ੍ਰਣੀਤ ਤੇ ਸਮੀਰ ਵਰਮਾ ਨੂੰ ਮੰਗਲਵਾਰ ਨੂੰ ਇੱਥੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਸਖ਼ਤ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣੀਤ ਨੂੰ ਦੁਨੀਆ ਦੇ ਛੇਵੇਂ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਐਂਥੋਨੀ ਸਿਨਿਸੁਕਾ ਗਿਨਟਿੰਗ ਨੇ ਹਰਾਇਆ ਜਦਕਿ ਸਮੀਰ ਨੂੰ ਇੰਡੋਨੇਸ਼ੀਆ ਦੇ ਹੀ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। 

ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ 30 ਸਾਲਾ ਪ੍ਰਣੀਤ ਨੂੰ ਗਿਨਟਿੰਗ ਦੇ ਖ਼ਿਲਾਫ਼ 50 ਮਿੰਟ ਚਲੇ ਪੁਰਸ਼ ਸਿੰਗਲ ਮੁਕਾਬਲੇ 'ਚ 15-21, 21-19, 9-21 ਨਾਲ ਹਾਰ ਝਲਣੀ ਪਈ। ਇੰਡੋਨੇਸ਼ੀਆ ਦੇ ਖਿਡਾਰੀ ਨੇ ਪ੍ਰਣੀਤ ਦੇ ਖਿਲਾਫ ਚਾਰ ਮੁਕਾਬਲੇ ਜਿੱਤੇ ਹਨ ਜਦਕਿ ਤਿੰਨ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਪਿਛਲੀ ਵਾਰ 2020 ਏਸ਼ੀਆਈ ਟੀਮ ਚੈਂਪੀਅਨਸ਼ਿਪ ਦੇ ਦੌਰਾਨ ਭਿੜੇ ਸਨ ਤੇ ਉਦੋਂ ਪ੍ਰਣੀਤ ਦੇ ਸੱਟ ਦੇ ਕਾਰਨ ਮੈਚ ਤੋਂ ਹਟਣ 'ਤੇ ਗਿਨਟਿੰਗ ਨੇ ਮੈਚ ਜਿੱਤਿਆ ਸੀ। ਸੱਟ ਦੇ ਬਾਅਦ ਵਾਪਸੀ ਕਰ ਰਹੇ ਸਮੀਰ ਨੂੰ 49 ਮਿੰਟ ਤਕ ਚਲੇ ਮੈਚ 'ਚ ਕ੍ਰਿਸਟੀ ਦੇ ਖ਼ਿਲਾਫ਼ 14-21, 21-13, 7-21 ਨਾਲ ਹਾਰ ਝੱਲਣੀ ਪਈ। 

ਡਬਲਜ਼ 'ਚ ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਮਹਿਲਾ ਜੋੜੀ ਪਹਿਲੇ ਦੌਰ 'ਚ ਮਸ਼ਹੂਰ ਮਾਤਸੁਯਾਮਾ ਤੇ ਚਿਹਾਰੂ ਸ਼ਿਦਾ ਦੀ ਜਾਪਾਨ ਦੀ ਛੇਵਾਂ ਦਰਜਾ ਜੋੜੀ ਤੋਂ 15-21, 11-21 ਨਾਲ ਹਾਰ ਕੇ ਬਾਹਰ ਹੋ ਗਈ। ਹੋਰਨਾ ਭਾਰਤੀਆਂ 'ਚ ਐੱਚ. ਐੱਸ. ਪ੍ਰਣਯ ਦਾ ਮੁਕਾਬਲਾ ਮਲੇਸ਼ੀਆ ਦੇ ਡੇਰੇਨ ਲਿਊ ਨਾਲ ਹੋਵੇਗਾ ਜਦਕਿ ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਅੱਠਵੇਂ ਨੰਬਰ ਦੀ ਜੋੜੀ ਮੈਨ ਵੇਈ ਚੋਂਗ ਤੇ ਕੇਨਈ ਵੁਨ ਟੀ ਦੀ ਮਲੇਸ਼ੀਆ ਦੀ ਜੋੜੀ ਨਾਲ ਭਿੜੇਗੀ।


Tarsem Singh

Content Editor

Related News