ਟੋਕੀਓ ਪੈਰਾਲੰਪਿਕ : ਭਗਤ ਤੇ ਪਲਕ ਮਿਕਸਡ ਡਬਲਜ਼ 'ਚ ਪਹਿਲਾ ਮੈਚ ਹਾਰੇ
Wednesday, Sep 01, 2021 - 06:45 PM (IST)
ਟੋਕੀਓ- ਪ੍ਰਮੋਦ ਭਗਤ ਤੇ ਪਲਕ ਕੋਹਲੀ ਦੀ ਭਾਰਤ ਦੀ ਮਿਕਸਡ ਡਬਲਜ਼ ਜੋੜੀ ਨੂੰ ਬੁੱਧਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਿਤਾ ਦੇ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ 'ਚ ਲੁਕਾਸ ਮਾਜੁਰ ਤੇ ਫਾਸਟੀਨ ਨੋਏਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਖ਼ਿਲਾਫ਼ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਐੱਸਐੱਲ3 ਐੱਸਯੂ5 ਵਰਗ 'ਚ ਚੁਣੌਤੀ ਪੇਸ਼ ਕਰ ਰਹੇ ਭਗਤ ਤੇ ਪਲਕ ਨੂੰ ਯੋਯੋਗੀ ਰਾਸ਼ਟਰੀ ਸਟੇਡੀਅਮ 'ਚ ਫ਼ਰਾਂਸ ਦੀ ਜੋੜੀ ਖ਼ਿਲਾਫ਼ 34 ਮਿੰਟ 'ਚ 9-21, 21-15, 19-21 ਨਾਲ ਹਾਰ ਝੱਲਣੀ ਪਈ।
ਭਾਰਤੀ ਜੋੜੀ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਪਹਿਲੇ ਬ੍ਰੇਕ ਦੇ ਸਮੇਂ ਉਹ 15-11 ਨਾਲ ਪਿੱਛੇ ਸਨ। ਫ਼ਰਾਂਸ ਦੀ ਜੋੜੀ ਨੇ ਇਸ ਤੋਂ ਬਾਅਦ ਦਬਦਬਾ ਬਣਾਏ ਰੱਖਿਆ ਤੇ ਪਹਿਲਾ ਗੇਮ ਆਸਾਨੀ ਨਾਲ ਜਿੱਤ ਲਿਆ। ਦੂਜੇ ਗੇਮ 'ਚ ਭਾਰਤੀ ਜੋੜੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਤੇ 13-11 ਨਾਲ ਬੜ੍ਹਤ ਬਣਾਉਣ 'ਚ ਸਫ਼ਲ ਰਹੀ। ਮਾਜੁਰ ਤੇ ਨੋਏਲ ਨੇ ਇਸ ਤੋਂ ਬਾਅਦ ਇਕ ਅੰਕ ਜੁਟਾਇਆ ਪਰ ਭਾਰਤੀ ਜੋੜੀ ਨੇ ਲਗਾਤਾਰ 7 ਅੰਕ ਦੇ ਨਾਲ ਬ੍ਰੇਕ ਪੁਆਇੰਟ ਹਾਸਲ ਕੀਤੇ। ਫਰਾਂਸ ਦੀ ਜੋੜੀ ਨੇ ਦੋ ਬ੍ਰੇਕ ਪੁਆਇੰਟ ਬਚਾਏ ਪਰ ਭਗਤ ਤੇ ਪਲਕ ਨੇ ਅਗਲਾ ਅੰਕ ਜਿੱਤ ਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ।
ਦੂਜਾ ਦਰਜਾ ਪ੍ਰਾਪਤ ਜੋੜੀ ਨੇ ਤੀਜੇ ਤੇ ਫੈਸਲਾਕੁੰਨ ਗੇਮ 'ਚ ਚੰਗੀ ਸ਼ੁਰੂਆਤ ਕਰਦੇ ਹੋਏ 13-9 ਦੀ ਬੜ੍ਹਤ ਬਣਾਈ ਪਰ ਭਗਤ ਤੇ ਪਲਕ ਸ਼ਾਨਦਾਰ ਵਾਪਸੀ ਕਰਦੇ ਹੋਏ 15-14 ਦੀ ਬੜ੍ਹਤ ਬਣਾਉਣ 'ਚ ਸਫਲ ਰਹੇ। ਮਾਜੁਰ ਤੇ ਨੋਏਲ ਨੇ ਹਾਲਾਂਕਿ ਇਕ ਵਾਰ ਫਿਰ ਬੜ੍ਹਤ ਬਣਾਈ ਤੇ ਗੇਮ ਤੇ ਮੈਚ ਜਿੱਤ ਲਿਆ। ਸਾਬਕਾ ਚੈਂਪੀਅਨ ਭਗਤ ਪੁਰਸ਼ ਸਿੰਗਲ ਐੱਸਐੱਲ3 'ਚ ਵੀ ਚੁਣੌਤੀ ਪੇਸ਼ ਕਰਨਗੇ ਜਦਕਿ ਪਲਕ ਨੂੰ ਪਾਰੂਲ ਪਰਮਾਰ ਦੇ ਨਾਲ ਮਹਿਲਾ ਡਬਲਜ਼ (ਐੱਸਐਂਲ3 ਐਸਯੂ5) ਤੇ ਮਹਿਲਾ ਸਿੰਗਲ (ਐੱਸਯੂ5) 'ਚ ਵੀ ਹਿੱਸਾ ਲੈਣਾ ਹੈ।