ਪਰਾਗ ਮਾਸਟਰਜ਼ ’ਚ ਪ੍ਰਗਨਾਨੰਦਾ ਨੇ ਪਹਿਲੀ ਬਾਜ਼ੀ ਜਿੱਤੀ

Sunday, Mar 02, 2025 - 05:14 PM (IST)

ਪਰਾਗ ਮਾਸਟਰਜ਼ ’ਚ ਪ੍ਰਗਨਾਨੰਦਾ ਨੇ ਪਹਿਲੀ ਬਾਜ਼ੀ ਜਿੱਤੀ

ਸਪੋਰਟਸ ਡੈਸਕ- ਭਾਰਤੀ ਸ਼ਤਰੰਜ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਇੱਥੇ ਪਰਾਗ ਮਾਸਟਰਜ਼ ਦੇ ਤੀਜੇ ਗੇੜ ਵਿੱਚ ਚੈੱਕ ਗਣਰਾਜ ਦੇ ਗੁਏਨ ਥਾਈ ਦਾਈ ਵਾਂ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ, ਜਦਕਿ ਉਸ ਦਾ ਹਮਵਤਨ ਅਰਵਿੰਦ ਚਿਦੰਬਰਮ ਚੀਨ ਦੇ ਸਿਖਰਲਾ ਦਰਜਾ ਪ੍ਰਾਪਤ ਵੇਈ ਯੀ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਟੂਰਨਾਮੈਂਟ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇੱਕ ਪ੍ਰਗਨਾਨੰਦਾ ਨੇ 14ਵੀਂ ਚਾਲ ਵਿੱਚ ਦਰਜ ਕੀਤੀ। ਪਹਿਲੇ ਦੋ ਗੇੜਾਂ ਦੀਆਂ ਬਾਜ਼ੀਆਂ ਡਰਾਅ ਰਹਿਣ ਮਗਰੋਂ ਇਹ ਜਿੱਤ ਉਸ ਲਈ ਅਹਿਮ ਹੈ। ਆਪਣੇ ਪ੍ਰਦਰਸ਼ਨ ਬਾਰੇ ਪ੍ਰਗਨਾਨੰਦਾ ਨੇ ਕਿਹਾ, ‘ਕੱਲ੍ਹ (ਦੂਜਾ ਗੇੜ) ਦੀ ਬਾਜ਼ੀ ਬਹੁਤੀ ਖਾਸ ਨਹੀਂ ਸੀ ਪਰ ਪਹਿਲੇ ਗੇੜ ’ਚ ਮੈਂ ਚੰਗੀ ਸਥਿਤੀ ਵਿੱਚ ਸੀ।’ 

ਅਰਵਿੰਦ ਚਿਦੰਬਰਮ ਲਾਈਵ ਰੇਟਿੰਗਾਂ ਵਿੱਚ ਦੁਨੀਆ ਦੇ ਸਿਖਰਲੇ 20 ਖਿਡਾਰੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਏਲੀਟ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ। ਇਸ ਜਿੱਤ ਨਾਲ ਅਰਵਿੰਦ ਦੇ ਤਿੰਨ ’ਚੋਂ 2.5 ਅੰਕ ਹੋ ਗਏ ਹਨ। ਉਧਰ ਅਮਰੀਕਾ ਦੇ ਸੈਮ ਸ਼ੈਂਕਲੈਂਡ ਨੂੰ ਜਰਮਨੀ ਦੇ ਵਿਨਸੈਂਟ ਕੀਮਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਗਨਾਨੰਦਾ ਅਤੇ ਕੀਮਰ ਦੋ-ਦੋ ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਰਾਊਂਡ ਰੌਬਿਨ ਦੇ ਆਧਾਰ ’ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਹਾਲੇ ਛੇ ਗੇੜ ਬਾਕੀ ਹਨ। ਚੈਲੇਂਜਰਜ਼ ਵਰਗ ਵਿੱਚ ਦਿਵਿਆ ਦੇਸ਼ਮੁਖ ਨੂੰ ਉਜ਼ਬੇਕਿਸਤਾਨ ਦੇ ਐੱਨ ਯਾਕੂਬੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਦਿਨਾਂ ਵਿੱਚ ਇਹ ਉਸ ਦੀ ਦੂਜੀ ਹਾਰ ਹੈ।


author

Tarsem Singh

Content Editor

Related News