ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
Wednesday, Oct 20, 2021 - 07:59 PM (IST)
ਦੁਬਈ- ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (60 ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਭਾਰਤ ਨੇ ਆਸਟਰੇਲੀਆ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਅਭਿਆਸ ਮੈਚ ਵਿਚ ਬੁੱਧਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਆਸਟਰੇਲੀਆ ਨੇ ਸਟੀਵ ਸਮਿੱਥ (57) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਗਲੇਨ ਮੈਕਲਵੈੱਲ (37) ਤੇ ਮਾਰਕਸ ਸਟੋਇੰਸ (41) ਦੀ ਸ਼ਾਨਦਾਰ ਪਾਰੀਆਂ ਨਾਲ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 152 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦਕਿ ਭਾਰਤ ਨੇ 17.5 ਓਵਰਾਂ ਵਿਚ ਇਕ ਵਿਕਟ 'ਤੇ 153 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ
ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ 11 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਪਰ ਸਮਿੱਥ ਤੇ ਮੈਕਸਵੈੱਲ ਨੇ ਚੌਥੇ ਵਿਕਟ ਦੇ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਕਸਵੈੱਲ 28 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ ਲੈੱਗ ਸਪਿਨਰ ਰਾਹੁਲ ਚਾਹਰ ਦੀ ਗੇਂਦ 'ਤੇ ਬੋਲਡ ਹੋਏ। ਸਮਿੱਥ ਨੇ ਫਿਰ ਸਟੋਇੰਸ ਦੇ ਨਾਲ ਪੰਜਵੇਂ ਵਿਕਟ ਦੇ ਲਈ 76 ਦੌੜਾਂ ਜੋੜੀਆਂ। ਸਮਿੱਥ 48 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ 57 ਦੌੜਾਂ ਬਣਾ ਕੇ ਪਾਰੀ ਦੇ ਆਖਰੀ ਓਵਰ ਦੀ ਪੰਜਵੀਂ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਬਣੇ। ਸਟੋਇੰਸ ਨੇ 25 ਗੇਂਦਾਂ 'ਤੇ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 41 ਦੌੜਾਂ ਬਣਾਈਆਂ। ਮੈਥਿਊ ਵੇਡ ਨੇ ਇਕ ਗੇਂਦ ਖੇਡੀ ਤੇ ਉਸ 'ਤੇ ਇਕ ਚੌਕਾ ਲਗਾਇਆ। ਭਾਰਤ ਵਲੋਂ ਰਵੀ ਚੰਦਰਨ ਅਸ਼ਵਿਨ ਨੇ 2 ਓਵਰਾਂ ਵਿਚ ਅੱਠ ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਜਡੇਜਾ ਨੇ ਚਾਰ ਓਵਰ ਵਿਚ 35 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਭੁਵਨੇਸ਼ਵਰ ਨੇ 27 ਦੌੜਾਂ ਤੇ ਰਾਹੁਲ ਚਾਹਰ ਨੇ 17 ਦੌੜਾਂ 'ਤੇ 1-1 ਵਿਕਟ ਹਾਸਲ ਕੀਤੀ। ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਮੈਚ ਵਿਚ ਦੋ ਓਵਰ ਕਰਵਾਏ ਤੇ 12 ਦੌੜਾਂ ਦਿੱਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।