ਪੂਜਾ ਤੇ ਨਵਜੋਤ ਨੂੰ ਟ੍ਰਾਇਲਾਂ ''ਚ ਚੁਣੌਤੀ ਤੋਂ ਬਿਨਾਂ ਮਿਲੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ

Tuesday, Aug 20, 2019 - 03:11 AM (IST)

ਪੂਜਾ ਤੇ ਨਵਜੋਤ ਨੂੰ ਟ੍ਰਾਇਲਾਂ ''ਚ ਚੁਣੌਤੀ ਤੋਂ ਬਿਨਾਂ ਮਿਲੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ

ਨਵੀਂ ਦਿੱਲੀ— ਓਲੰਪਿਕ ਭਾਰ ਵਰਗ 'ਚ ਜਗ੍ਹਾ ਪੱਕੀ ਕਰਨ ਵਿਚ ਅਸਫਲ ਰਹੀਆਂ ਮਹਿਲਾ ਪਹਿਲਵਾਨ ਪੂਜਾ ਢਾਂਡਾ ਤੇ ਨਵਜੋਤ ਕੌਰ ਨੇ ਸੋਮਵਾਰ ਲਖਨਊ ਵਿਚ ਟ੍ਰਾਇਲਾਂ ਲਈ ਮੈਟ 'ਤੇ ਉਤਰੇ ਬਿਨਾਂ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਹਾਸਲ ਕਰ ਲਈ। ਓਲੰਪਿਕ ਭਾਰ ਵਰਗ ਦੇ ਟ੍ਰਾਇਲ ਪਹਿਲਾਂ ਹੀ ਹੋ ਚੁੱਕੇ ਹਨ ਤੇ ਸੋਮਵਾਰ ਨੂੰ ਗੈਰ-ਓਲੰਪਿਕ ਵਰਗ ਦੇ ਟ੍ਰਾਇਲਾਂ ਵਿਚ ਪੂਜਾ ਨੇ 59 ਕਿ. ਗ੍ਰਾ. ਤੇ ਨਵਜੋਤ ਨੇ 65 ਕਿ. ਗ੍ਰਾ. ਭਾਰ ਵਰਗ ਵਿਚ ਜਗ੍ਹ੍ਹਾ ਪੱਕੀ ਕੀਤੀ। ਦੋਵਾਂ ਨੂੰ ਚੁਣੌਤੀ ਦੇਣ ਲਈ ਕੋਈ ਪਹਿਲਵਾਨ ਮੌਜੂਦ ਨਹੀਂ ਸੀ। ਭਾਰਤੀ ਕੁਸ਼ਤੀ ਸੰਘ ਨੇ ਅਨੁਸ਼ਾਸਨਹੀਣਤਾ ਦੇ ਦੋਸ਼ ਵਿਚ 25 ਪਹਿਲਵਾਨਾਂ 'ਤੇ ਪਾਬੰਦੀ ਲਾਈ ਹੈ, ਜਿਨ੍ਹਾਂ ਵਿਚੋਂ 7 ਪਹਿਲਵਾਨਾਂ ਨੇ ਇਨ੍ਹਾਂ ਟ੍ਰਾਇਲਾਂ ਵਿਚ ਹਿੱਸਾ ਲੈਣਾ ਸੀ। 59 ਤੇ 65 ਕਿ. ਗ੍ਰਾ. ਭਾਰ ਵਰਗ ਵਿਚ ਦਾਅਵੇਦਾਰੀ ਲਈ ਕੋਈ ਹੋਰ ਪਹਿਲਵਾਨ ਮੌਜੂਦ ਨਹੀਂ ਸੀ।

PunjabKesari
ਓਲੰਪਿਕ ਭਾਰ ਵਰਗ ਦੇ ਟ੍ਰਾਇਲਾਂ ਦੇ 57 ਕਿ. ਗ੍ਰਾ. ਭਾਰ ਵਰਗ ਵਿਚ ਪੂਜਾ ਨੂੰ ਸਰਿਤਾ ਮੋਰ ਨੇ ਹਰਾਇਆ ਸੀ ਪਰ ਵਿਸ਼ਵ ਚੈਂਪੀਅਨਸ਼ਿਪ ਵਿਚ ਉਸ ਕੋਲ ਇਕ ਹੋਰ ਤਮਗਾ ਪੱਕਾ ਕਰਨ ਦਾ ਮੌਕਾ ਹੋਵੇਗਾ। ਉਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ।
ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੋਲ ਹੁਣ ਵਿਸ਼ਵ ਚੈਂਪੀਅਨਸ਼ਿਪ ਦਾ ਤਮਗਾ ਜਿੱਤਣ ਦਾ ਮੌਕਾ ਹੋਵੇਗਾ। ਉਹ 68 ਕਿ. ਗ੍ਰਾ. ਦੇ ਟ੍ਰਾਇਲਾਂ ਵਿਚ ਦਿਵਿਆ ਕਾਕਰਾਨ ਹੱਥੋਂ ਹਾਰ ਗਈ ਸੀ। ਸੋਮਵਾਰ ਨੂੰ ਚਾਰ ਭਾਰ ਵਰਗਾਂ ਦਾ ਟ੍ਰਾਇਲ ਹੋਣਾ ਸੀ ਪਰ ਇਨ੍ਹਾਂ ਸਾਰਿਆਂ ਦਾ ਫੈਸਲਾ ਸਿਰਫ ਦੋ ਵਰਗਾਂ ਦੇ ਮੁਕਾਬਲੇ ਵਿਚ ਹੀ ਹੋ ਗਿਆ। ਲਲਿਤਾ ਨੇ 55 ਕਿ. ਗ੍ਰਾ. ਭਾਰ ਵਰਗ ਦੀ ਟਿਕਟ ਪੱਕੀ ਕੀਤੀ। ਉਸ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ, ਜਿਸ ਤੋਂ ਬਾਅਦ ਉਸ ਨੇ ਮੀਨਾਕਸ਼ੀ ਨੂੰ 9-1 ਨਾਲ ਕਰਾਰੀ ਹਾਰ ਦਿੱਤੀ। ਮੀਨਾਕਸ਼ੀ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਕਿਰਨ ਨੂੰ 5-0 ਨਾਲ ਹਰਾਇਆ ਸੀ। ਕੋਮਲ ਨੇ ਨਿਕੀ ਨੂੰ 3-2 ਨਾਲ ਹਰਾ ਕੇ 72 ਕਿ. ਗ੍ਰਾ. ਭਾਰ ਵਰਗ ਵਿਚ ਜਗ੍ਹਾ ਪੱਕੀ ਕੀਤੀ। ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕਜ਼ਾਕਿਸਤਾਨ ਵਿਚ 14 ਤੋਂ 22 ਸਤੰਬਰ ਤਕ ਹੋਵੇਗਾ।
ਭਾਰਤੀ ਕੁਸ਼ਤੀ ਮਹਾਸੰਘ ਨੇ ਸਾਕਸ਼ੀ ਮਲਿਕ ਨੂੰ ਦਿੱਤਾ ਕਾਰਣ ਦੱਸੋ ਨੋਟਿਸ
ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਬਿਨਾਂ ਮਨਜ਼ੂਰੀ ਦੇ ਰਾਸ਼ਟਰੀ ਕੈਂਪ ਛੱਡਣ 'ਤੇ ਕਾਰਣ ਦੱਸੋ ਨੋਟਿਸ ਦਿੱਤਾ ਹੈ, ਜਦਕਿ ਇਸ ਦੋਸ਼ ਵਿਚ ਕੈਂਪ 'ਚ ਸ਼ਾਮਲ 25 ਮਹਿਲਾ ਪਹਿਲਵਾਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।  ਲਖਨਊ ਸਥਿਤ ਸਾਈ ਕੇਂਦਰ ਵਿਚ ਕੈਂਪ 'ਚ 45 ਮਹਿਲਾ ਪਹਿਲਵਾਨਾਂ ਵਿਚੋਂ 25 ਰਾਸ਼ਟਰੀ ਮਹਾਸੰਘ ਦੀ ਮਨਜ਼ੂਰੀ ਤੋਂ ਬਿਨਾਂ ਕੈਂਪ ਤੋਂ ਗੈਰ-ਹਾਜ਼ਰ ਸਨ।  ਸਾਕਸ਼ੀ (62 ਕਿ. ਗ੍ਰਾ.) ਤੋਂ ਇਲਾਵਾ ਸੀਮਾ ਬਿਸਲਾ (50 ਕਿ. ਗ੍ਰਾ.) ਤੇ ਕਿਰਨ (76 ਕਿ. ਗ੍ਰਾ.) ਨੂੰ ਵੀ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦਾ ਜਵਾਬ ਬੁੱਧਵਾਰ ਤਕ ਉਨ੍ਹਾਂ ਨੂੰ ਦੇਣਾ ਪਵੇਗਾ। ਇਨ੍ਹਾਂ ਤਿੰਨਾਂ ਨੇ ਹਾਲ ਹੀ ਵਿਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ।


author

Gurdeep Singh

Content Editor

Related News