ਵਰਿੰਦਰ ਸਹਿਵਾਗ ਦਾ ਭਰਾ ਗ੍ਰਿਫ਼ਤਾਰ, ਕਰੋੜਾਂ ਰੁਪਏ ਨਾਲ ਜੁੜਿਆ ਹੈ ਮਾਮਲਾ
Thursday, Mar 06, 2025 - 10:55 PM (IST)

ਚੰਡੀਗੜ੍ਹ, (ਸੁਸ਼ੀਲ)- ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਫ਼ਰਾਰ ਭਗੌੜੇ ਭਰਾ ਦਿੱਲੀ ਵਾਸੀ ਵਿਨੋਦ ਸਹਿਵਾਗ ਨੂੰ 7 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ’ਚ ਮਨੀਮਾਜਰਾ ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।
ਵੀਰਵਾਰ ਨੂੰ ਵਿਨੋਦ ਸਹਿਵਾਗ ਨੇ ਦਰਜ 174 ਕੇਸ ’ਚ ਜ਼ਮਾਨਤ ਅਰਜ਼ੀ ਜ਼ਿਲ੍ਹਾ ਅਦਾਲਤ ’ਚ ਦਾਇਰ ਕੀਤੀ। ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਸੀ.ਜੇ.ਐੱਮ. ਅਦਾਲਤ ’ਚ ਹੋਈ। ਸੀ.ਜੇ.ਐੱਮ. ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਬਾਅਦ ਮਨੀਮਾਜਰਾ ਥਾਣਾ ਪੁਲਸ ਨੂੰ ਵਿਨੋਦ ਸਹਿਵਾਗ ਦੀ ਜ਼ਮਾਨਤ ਪਟੀਸ਼ਨ 'ਤੇ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਮਨੀਮਾਜਰਾ ਥਾਣਾ ਪੁਲਸ ਨੇ 10 ਮਾਰਚ, 2024 ਨੂੰ ਸੀ.ਜੇ.ਐੱਮ. ਅਦਾਲਤ ’ਚ ਜ਼ਮਾਨਤ ਅਰਜ਼ੀ 'ਤੇ ਜਵਾਬ ਦਾਖ਼ਲ ਕਰਨਾ ਹੈ। ਇਸ ਤੋਂ ਇਲਾਵਾ ਚੈੱਕ ਬਾਊਂਸ ਦੇ 138 ਕੇਸਾਂ ’ਚ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਪੰਚਕੂਲਾ ਸੈਕਟਰ-12 ਵਾਸੀ ਕ੍ਰਿਸ਼ਨ ਮੋਹਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਬੱਦੀ ਸਥਿਤ ਸ਼੍ਰੀ ਨੈਨਾ ਪਲਾਸਟਿਕ ਫੈਕਟਰੀ ਚਲਾਉਂਦਾ ਹੈ। ਦਿੱਲੀ ’ਚ ਜਾਲਟਾ ਫੂਡ ਐਂਡ ਬੈਵਰੇਜ਼ਸ ਕੰਪਨੀ ਨੇ ਉਨ੍ਹਾਂ ਦੀ ਕੰਪਨੀ ਤੋਂ ਕੁਝ ਮਟੀਰੀਅਲ ਸਪਲਾਈ ਕਰਨ ਦਾ ਆਰਡਰ ਦਿੱਤਾ ਸੀ। ਕੰਪਨੀ ਨੇ ਸਾਮਾਨ ਖ਼ਰੀਦਣ ਤੋਂ ਬਾਅਦ 7 ਕਰੋੜ ਰੁਪਏ ਦੇ ਚੈੱਕ ਜਾਰੀ ਕੀਤੇ ਸਨ। ਜਦੋਂ ਉਨ੍ਹਾਂ ਨੇ ਚੈੱਕ ਮਨੀਮਾਜਰਾ ਸਥਿਤ ਓਰੀਐਂਟਲ ਬੈਂਕ ਆਫ਼ ਕਾਮਰਸ ’ਚ ਲਾਏ ਤਾਂ ਰੁਪਏ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ ਸੀ।
ਚੈੱਕ ਬਾਊਂਸ ਹੋਣ ’ਤੇ ਉਨ੍ਹਾਂ ਨੇ ਤਿੰਨਾਂ ਖ਼ਿਲਾਫ਼ ਧਾਰਾ 138 ਤਹਿਤ ਜ਼ਿਲ੍ਹਾ ਅਦਾਲਤ ’ਚ ਸ਼ਿਕਾਇਤ ਕੀਤੀ ਸੀ, ਜਿੱਥੇ ਤਿੰਨੇ ਮੁਲਜ਼ਮ ਅਦਾਲਤ ’ਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ 2022 ’ਚ ਤਿੰਨਾਂ ਨੂੰ ਭਗੌੜਾ ਐਲਾਨਦਿਆਂ ਮੁਲਜ਼ਮਾਂ ’ਤੇ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਮਨੀਮਾਜਰਾ ਥਾਣਾ ਪੁਲਸ ਨੇ ਅਦਾਲਤ ਦੇ ਹੁਕਮਾਂ ’ਤੇ 25 ਸਤੰਬਰ 2023 ਨੂੰ ਜਾਲਟਾ ਫੂਡ ਐਂਡ ਬੈਵਰੇਜ਼ਸ ਕੰਪਨੀ ਦੇ ਡਾਇਰੈਕਟਰ ਵਿਨੋਦ ਸਹਿਵਾਗ, ਵਿਸ਼ਨੂੰ ਮਿੱਤਲ ਤੇ ਸੁਧੀਰ ਮਲਹੋਤਰਾ ’ਤੇ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਸੀ।
ਹਾਈ ਕੋਰਟ ਨੇ ਦਿੱਤੇ ਮੁਕੱਦਮਾ ਦਰਜ ਕਰਨ ਦੇ ਹੁਕਮ
ਅਦਾਲਤ ਤੋਂ ਭਗੌੜਾ ਐਲਾਨ ਹੋ ਜਾਣ ਤੋਂ ਬਾਅਦ ਵੀ ਚੰਡੀਗੜ੍ਹ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਤੋਂ ਬਾਅਦ ਪੀੜਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਪਾਈ ਸੀ। ਪਟੀਸ਼ਨ ’ਚ ਉਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਸੀ। ਹੁਣ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਹੈ।