ਵਿਸ਼ਵ ਕੱਪ ਤੋਂ ਬਾਅਦ ਟੀਮ ਅਤੇ ਸਹਾਇਕ ਸਟਾਫ ਦੀ ਸਮੀਖਿਆ ਕਰੇਗੀ PCB

Wednesday, Jun 19, 2019 - 10:14 PM (IST)

ਵਿਸ਼ਵ ਕੱਪ ਤੋਂ ਬਾਅਦ ਟੀਮ ਅਤੇ ਸਹਾਇਕ ਸਟਾਫ ਦੀ ਸਮੀਖਿਆ ਕਰੇਗੀ PCB

ਲਾਹੌਰ— ਭਾਰਤ ਦੇ ਹੱਥੋਂ ਵਿਸ਼ਵ ਕੱਪ ਮੁਕਾਬਲੇ ਵਿਚ ਮਿਲੀ ਕਰਾਰੀ ਹਾਰ ਤੋਂ ਪ੍ਰੇਸ਼ਾਨ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵਿਸ਼ਵ ਕੱਪ ਤੋਂ ਬਾਅਦ ਪਾਕਿਸਤਾਨੀ ਟੀਮ ਅਤੇ ਸਹਿਯੋਗੀ ਸਟਾਫ ਦੀ ਸਮੀਖਿਆ ਕਰੇਗੀ। ਪਾਕਿਸਤਾਨ ਦਾ ਇਸ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਉਸ ਦੇ 5 ਮੈਚਾਂ ਵਿਚ 1 ਜਿੱਤ, 3 ਹਾਰ ਅਤੇ 1 ਰੱਦ ਨਤੀਜਿਆਂ ਨਾਲ 3 ਅੰਕ ਹਨ। ਭਾਰਤ ਖਿਲਾਫ ਡਕਵਰਥ ਲੁਈਸ ਨਿਯਮ ਤਹਿਤ ਮਿਲੀ 89 ਦੌੜਾਂ ਦੀ ਹਾਰ ਤੋਂ ਬਾਅਦ ਪਾਕਿਸਤਾਨ ਅਜੇ ਤੱਕ ਇਸ ਹਾਰ ਨੂੰ ਭੁਲਾ ਨਹੀਂ ਸਕਿਆ ਹੈ। 
ਪਾਕਿਸਤਾਨ ਇਸ ਹਾਰ ਦੇ ਨਾਲ ਅੰਕ ਸੂਚੀ ਵਿਚ 9ਵੇਂ ਸਥਾਨ 'ਤੇ ਮੌਜੂਦ ਹੈ। ਉਸ ਨੂੰ ਸੈਮੀਫਾਈਨਲ ਦੀ ਦੌੜ 'ਚ ਬਰਕਰਾਰ ਰਹਿਣ ਲਈ ਆਪਣੇ ਆਉਣ ਵਾਲੇ ਸਾਰੇ ਮੁਕਾਬਲੇ ਜਿੱਤਣੇ ਬੇਹਦ ਜਰੂਰੀ ਹਨ।  ਪੀ. ਸੀ. ਬੀ. ਵਿਸ਼ਵ ਕੱਪ ਤੋਂ ਬਾਅਦ ਟੀਮ ਅਤੇ ਸਪੋਰਟ ਸਟਾਫ ਦੀ ਸਮੀਖਿਆ ਕਰੇਗੀ ਅਤੇ ਆਪਣੀਆਂ ਸਿਫਾਰਿਸ਼ਾਂ ਨੂੰ ਪੀ. ਸੀ. ਬੀ. ਦੇ ਪ੍ਰਧਾਨ ਅਹਿਸਾਨ ਮਨੀ ਅਤੇ ਬੋਰਡ ਆਫ ਗਵਰਨਰਸ ਨੂੰ ਸੌਂਪੇਗੀ।
ਸਮੀਖਿਆ ਵਿਚ ਪਿਛਲੇ 3 ਸਾਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਫੈਸਲਾ ਲਾਹੌਰ ਵਿਚ ਪੀ. ਸੀ. ਬੀ. ਮੁੱਖ ਦਫਤਰ ਵਿਚ ਬੋਰਡ ਆਫ ਗਵਰਨਰਸ ਦੀ 54ਵੀਂ ਬੈਠਕ ਵਿਚ ਲਿਆ ਗਿਆ। ਪਾਕਿਸਤਾਨ ਦੀ ਟੀਮ ਇਕ ਹਫਤੇ ਦੀ ਬ੍ਰੇਕ ਤੋਂ ਬਾਅਦ ਆਪਣਾ ਅਗਲਾ ਮੁਕਾਬਲਾ ਐਤਵਾਰ ਨੂੰ ਲੰਡਨ ਵਿਚ ਦੱਖਣੀ ਅਫਰੀਕਾ ਖਿਲਾਫ ਖੇਡੇਗੀ।


author

Gurdeep Singh

Content Editor

Related News