ਪੀਸੀਬੀ ਵੱਲੋਂ ਭਵਿੱਖ ''ਚ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ ''ਚ ਹਿੱਸਾ ਲੈਣ ''ਤੇ ਪੂਰਨ ਪਾਬੰਦੀ

Sunday, Aug 03, 2025 - 12:46 PM (IST)

ਪੀਸੀਬੀ ਵੱਲੋਂ ਭਵਿੱਖ ''ਚ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ ''ਚ ਹਿੱਸਾ ਲੈਣ ''ਤੇ ਪੂਰਨ ਪਾਬੰਦੀ

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਐਲਾਨ ਕੀਤਾ ਹੈ ਕਿ ਉਹ ਹੁਣ ਭਵਿੱਖ ਵਿਚ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (WCL) ਵਿੱਚ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਨਹੀਂ ਕਰੇਗਾ। ਇਹ ਫੈਸਲਾ ਭਾਰਤ ਲੈਜੈਂਡਜ਼ ਵੱਲੋਂ ਸੈਮੀਫਾਈਨਲ ਮੈਚ 'ਚ ਹਿੱਸਾ ਨਾ ਲੈਣ ਅਤੇ ਉਸ ਤੋਂ ਬਾਅਦ WCL ਵੱਲੋਂ ਜਾਰੀ ਕੀਤੇ ਬਿਆਨਾਂ 'ਤੇ ਪੀਸੀਬੀ ਦੇ ਗੁੱਸੇ ਤੋਂ ਬਾਅਦ ਲਿਆ ਗਿਆ।

ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਦੀ ਅਗਵਾਈ 'ਚ ਹੋਈ 79ਵੀਂ ਵਰਚੁਅਲ ਬੋਰਡ ਮੀਟਿੰਗ ਦੌਰਾਨ ਕਿਹਾ ਗਿਆ ਕਿ WCL ਨੇ ਇਕ ਇਰਾਦਤਨ ਮੈਚ ਛੱਡਣ ਵਾਲੀ ਟੀਮ ਨੂੰ ਅੰਕ ਦੇ ਕੇ ਅਤੇ ਭਾਰਤ-ਪਾਕਿਸਤਾਨ ਲੈਜੈਂਡਜ਼ ਮੈਚ ਨੂੰ ਰੱਦ ਕਰਨ ਵਾਲੀ ਪ੍ਰੈਸ ਰਿਲੀਜ਼ ਜਾਰੀ ਕਰਕੇ ਪੱਖਪਾਤੀ ਅਤੇ ਦੋਹਰੀ ਨੀਤੀ ਵਰਤੀ।

ਪੀਸੀਬੀ ਨੇ ਦਾਅਵਾ ਕੀਤਾ ਕਿ “ਖੇਡ ਰਾਹੀਂ ਸ਼ਾਂਤੀ” ਦੀ ਗੱਲ ਸਿਰਫ਼ ਚੋਣਵੀਂ ਤਰ੍ਹਾਂ ਹੀ ਕੀਤੀ ਜਾਂਦੀ ਹੈ ਅਤੇ ਖੇਡ ਨੂੰ ਰਾਜਨੀਤਿਕ ਦਬਾਵਾਂ ਅਤੇ ਵਪਾਰਕ ਲਾਭ ਲਈ ਕੁਰਬਾਨ ਕਰ ਦਿੱਤਾ ਜਾਂਦਾ ਹੈ। ਬੋਰਡ ਨੇ ਇਸਨੂੰ ਨਿਰਪੱਖਤਾ ਅਤੇ ਖੇਡ ਸਿਧਾਂਤਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਕਿਹਾ ਕਿ ਐਸੇ ਇਵੈਂਟ 'ਚ ਭਾਗ ਲੈਣਾ ਹੁਣ ਨੈਤਿਕ ਤੌਰ 'ਤੇ ਅਸਵੀਕਾਰ ਹੈ।

ਯਾਦ ਰਹੇ ਕਿ ਭਾਰਤ ਦੇ ਕਈ ਪੁਰਾਣੇ ਖਿਡਾਰੀ, ਜਿਵੇਂ ਕਿ ਸ਼ਿਖਰ ਧਵਨ, ਨੇ ਬਰਮਿੰਘਮ ਵਿੱਚ ਪਾਕਿਸਤਾਨ ਦੇ ਖਿਲਾਫ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਸੈਮੀਫਾਈਨਲ ਮੈਚ ਵੀ ਨਹੀਂ ਹੋ ਸਕਿਆ।

ਪੀਸੀਬੀ ਦੀ ਮੀਟਿੰਗ ਵਿੱਚ ਮੈਂਬਰਾਂ ਵਿੱਚ ਸੁਮੈਰ ਅਹਿਮਦ ਸਈਦ, ਸਲਮਾਨ ਨਸੀਰ, ਜਹੀਰ ਅੱਬਾਸ, ਜ਼ਾਹਿਦ ਅਖ਼ਤਰ ਜ਼ਮਾਨ, ਸੱਜਾਦ ਅਲੀ ਖੋਖਰ, ਜ਼ਫਰੁੱਲਾ ਜਾਦਗਲ, ਤਨਵੀਰ ਅਹਿਮਦ, ਤਾਰੀਕ ਸਰਵਰ, ਮੁਹੰਮਦ ਇਸਮਾਈਲ ਕੁਰੈਸ਼ੀ, ਅਨਵਾਰ ਅਹਿਮਦ ਖ਼ਾਨ, ਅਦਨਾਨ ਮਲਿਕ, ਉਸਮਾਨ ਵਾਹਲਾ (ਵਿਸ਼ੇਸ਼ ਮਹਿਮਾਨ) ਅਤੇ ਮੀਰ ਹਸਨ ਨਕਵੀ ਵਧੀਕ ਸਕੱਤਰ) ਸ਼ਾਮਲ ਹੋਏ।


author

Tarsem Singh

Content Editor

Related News