ਟੀਮ ਇੰਡੀਆ ਲਈ ਖੁਸ਼ਖਬਰੀ, ਇਸ ਦਿਨ ਮੁੜ ਮੈਦਾਨ ''ਤੇ ਖੇਡਦਾ ਨਜ਼ਰ ਆਵੇਗਾ ਇਹ ਧਾਕੜ ਕ੍ਰਿਕਟਰ
Tuesday, Nov 25, 2025 - 02:49 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਵ੍ਹਾਈਟ ਬਾਲ ਕ੍ਰਿਕਟ ਵਿੱਚ ਟੀਮ ਇੰਡੀਆ ਦੇ ਸੁਪਰਸਟਾਰ ਖਿਡਾਰੀ ਅਤੇ ਵੱਡੇ ਮੈਚ ਵਿਨਰ ਹਾਰਦਿਕ ਪੰਡਯਾ ਦੀ ਕ੍ਰਿਕਟ ਦੇ ਮੈਦਾਨ ਵਿੱਚ ਵਾਪਸੀ ਦੀ ਤਾਰੀਖ਼ ਤੈਅ ਹੋ ਗਈ ਹੈ।
ਪੰਡਯਾ ਏਸ਼ੀਆ ਕੱਪ 2025 ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਹ ਫਾਈਨਲ ਮੁਕਾਬਲਾ ਵੀ ਨਹੀਂ ਖੇਡ ਸਕੇ ਸਨ। ਇਸ ਸੱਟ ਕਾਰਨ ਉਹ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਵਿੱਚ ਵੀ ਟੀਮ ਦਾ ਹਿੱਸਾ ਨਹੀਂ ਹਨ।
ਸਈਦ ਮੁਸ਼ਤਾਕ ਅਲੀ ਟਰਾਫੀ ਰਾਹੀਂ ਹੋਵੇਗੀ ਵਾਪਸੀ
ਤੇਜ਼ ਗੇਂਦਬਾਜ਼ੀ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਵਾਪਸੀ ਦੀ ਜਾਣਕਾਰੀ ਬੜੌਦਾ ਟੀਮ ਦੇ ਹੈੱਡ ਕੋਚ ਮੁਕੁੰਦ ਪਰਮਾਰ ਨੇ ਦਿੱਤੀ ਹੈ। ਪਰਮਾਰ ਨੇ ਪੀਟੀਆਈ ਦੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਹੈ ਕਿ ਹਾਰਦਿਕ ਪਾਂਡਿਆ ਸਈਦ ਮੁਸ਼ਤਾਕ ਅਲੀ ਟਰਾਫੀ 2025 ਦੇ ਜ਼ਿਆਦਾਤਰ ਗਰੁੱਪ ਮੈਚਾਂ ਲਈ ਉਪਲਬਧ ਰਹਿਣਗੇ। ਇਸ ਟੂਰਨਾਮੈਂਟ ਦੀ ਸ਼ੁਰੂਆਤ 26 ਨਵੰਬਰ ਤੋਂ ਹੋਵੇਗੀ ਅਤੇ ਫਾਈਨਲ 18 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਦੌਰਾਨ ਭਾਰਤੀ ਟੀਮ ਦੇ ਚੋਣਕਰਤਾ ਵੀ ਪੰਡਯਾ ਦੀ ਫਿਟਨੈੱਸ 'ਤੇ ਨਜ਼ਰ ਬਣਾਏ ਰੱਖਣਗੇ।
ਟੀ20 ਵਿਸ਼ਵ ਕੱਪ 2026 ਲਈ ਅਹਿਮ
ਹਾਰਦਿਕ ਪੰਡਯਾ ਟੀਮ ਇੰਡੀਆ ਲਈ ਟੀ20 ਫਾਰਮੈਟ ਵਿੱਚ ਅਹਿਮ ਖਿਡਾਰੀ ਹਨ। ਪੰਡਯਾ ਦੱਖਣੀ ਅਫਰੀਕਾ ਖਿਲਾਫ 5 ਮੈਚਾਂ ਦੀ T20 ਸੀਰੀਜ਼ ਵਿੱਚ ਵੀ ਖੇਡਦੇ ਨਜ਼ਰ ਆ ਸਕਦੇ ਹਨ, ਜੋ 9 ਦਸੰਬਰ ਨੂੰ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਬਾਅਦ, ਉਹ ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ T20 ਸੀਰੀਜ਼ ਵਿੱਚ ਵੀ ਖੇਡਦੇ ਹੋਏ ਦਿਖਾਈ ਦੇ ਸਕਦੇ ਹਨ। ਟੀਮ ਇੰਡੀਆ ਲਈ ਪੰਡਯਾ ਦੀ 4 ਓਵਰਾਂ ਦੀ ਗੇਂਦਬਾਜ਼ੀ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ, ਨਾਲ ਹੀ ਉਹ ਬੱਲੇਬਾਜ਼ੀ ਵਿੱਚ ਮੈਚ ਫਿਨਿਸ਼ਰ ਦੀ ਭੂਮਿਕਾ ਨਿਭਾਉਣਗੇ।
