ਅੰਦਰ ਹੀ ਅੰਦਰ ਧੁਖ ਰਿਹੈ ਪੀ. ਸੀ. ਏ., ਖਜ਼ਾਨਚੀ ਰਾਕੇਸ਼ ਵਾਲੀਆ ਨੇ ਦਿੱਤਾ ਅਸਤੀਫਾ
Wednesday, Jan 04, 2023 - 06:26 PM (IST)
ਜਲੰਧਰ– ਬਾਹਰੀ ਤੌਰ ’ਤੇ ਸ਼ਾਂਤ ਦਿਖਾਈ ਦੇ ਰਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਅੰਦਰ ਹੀ ਅੰਦਰ ਕਿੰਨੀ ਧੁਖ ਰਹੀ ਹੈ, ਇਸਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਨਹੀਂ ਹੋਵੇਗਾ ਪਰ ਨਵੇਂ ਸਾਲ ਦੇ ਸ਼ੁਰੂ ਹੁੰਦੇ ਹੀ ਇਸਦਾ ਅਸਰ ਉਦੋਂ ਦਿਖਾਈ ਦਿੱਤਾ ਜਦੋਂ ਪੀ. ਸੀ. ਏ. ਦੇ ਖਜ਼ਾਨਚੀ ਰਾਕੇਸ਼ ਵਾਲੀਆ ਨੇ ਆਪਣੇ ਅਹੁਦੇ ਤੋਂ 2 ਜਨਵਰੀ ਨੂੰ ਅਸਤੀਫਾ ਦੇ ਦਿੱਤਾ।
ਇਸ ਤੋਂ ਪਹਿਲਾਂ ਪੀ. ਸੀ. ਏ. ਮੁਖੀ ਗੁਲਜ਼ਾਰ ਇੰਦਰ ਸਿੰਘ ਚਾਹਲ ਤੇ ਉਪ ਮੁਖੀ ਗਗਨ ਖੰਨਾ ਨੇ ਵੀ ਐਸੋਸੀਏਸ਼ਨ ਵਿਚ ਕੁਝ ਲੋਕਾਂ ਦੇ ਕਾਰਨ ਪੈਦਾ ਹੋਈ ਦੁਚਿੱਤੀ ਦੀ ਸਥਿਤੀ ਦੇ ਕਾਰਨ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਹਾਲਾਤ ਇਹ ਹਨ ਕਿ ਪੀ. ਸੀ.ਏ. ਬਿਨਾਂ ਮੁਖੀ, ਉਪ ਮੁਖੀ ਤੇ ਖਜ਼ਾਨਚੀ ਦੇ ਚੱਲ ਰਹੀ ਹੈ।ਪੀ. ਸੀ. ਏ. ਦੀ ਸਥਿਤੀ ਕੀ ਹੈ, ਇਸਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ।
ਲੰਬੇ ਸਮੇਂ ਤੋਂ ਜਿਸ ਸਮੱਸਿਆ ਨਾਲ ਪੀ. ਸੀ. ਏ. ਜੂਝ ਰਹੀ ਹੈ, ਉਸਦੀ ਮੂਲ ਜੜ੍ਹ ਵਿਚ ਸਿਰਫ ਇਕ ਹੀ ਵਿਅਕਤੀ ਹੈ, ਜਿਹੜਾ ਸੱਟੇਬਾਜ਼ ਹੈ ਤੇ ਪੀ. ਸੀ. ਏ. ਵਿਚ ਰਹਿ ਕੇ ਇੰਨੀ ਧਨ-ਦੌਲਤ ਕਮਾ ਰਿਹਾ ਹੈ, ਜਿਸਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। ਇਸ ਸੱਟੇਬਾਜ਼ ਨੂੰ ਸਾਬਕਾ ਪੀ. ਸੀ. ਏ. ਮੁਖੀ ਅਤੇ ਨਵੇਂ-ਨਵੇਂ ਬਣੇ ਕ੍ਰਿਕਟਰ ਤੋਂ ਰਾਜਨੇਤਾ ਦੀ ਸਰਪ੍ਰਸਤੀ ਮਿਲੀ ਹੋਈ ਹੈ। ਉਹ ਇਕ ਖਿਡਾਰੀ ਦੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਸਿਆਸਤ ਦੇ ਤਾਣੇ-ਬਾਣੇ ਵਿਚ ਵਧੇਰੇ ਦਿਲਚਸਪੀ ਦਿਖਾਉਣ ਵਿਚ ਰੁੱਝਿਆ ਹੋਇਆ ਹੈ। ਉਹ ਕ੍ਰਿਕਟ ਵਿਚ ਆਪਣੇ ਚਹੇਤਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਯੋਗਤਾ ਦੇ ਮਹੱਤਵਪੂਰਨ ਅਹੁਦਿਆਂ ’ਤੇ ਬਿਠਾ ਕੇ ਉਨ੍ਹਾਂ ਲੋਕਾਂ ਦੇ ਨਾਲ ਬੇਇਨਸਾਫੀ ਕਰ ਰਿਹਾ ਹੈ, ਜਿਨ੍ਹਾਂ ਨੇ ਕ੍ਰਿਕਟ ਵਿਚ ਵੱਡੇ ਮੁਕਾਮ ਵੀ ਹਾਸਲ ਕੀਤੇ ਹਨ ਤੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਵੀ ਪੇਸ਼ ਕੀਤੀਆਂ ਹਨ।