ਪਾਰਥ ਮਾਨੇ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਦੋਹਰਾ ਸੋਨ ਤਮਗਾ
Wednesday, Oct 02, 2024 - 12:34 PM (IST)
ਨਵੀਂ ਦਿੱਲੀ, (ਭਾਸ਼ਾ)– ਪਾਰਥ ਰਾਕੇਸ਼ ਮਾਨੇ ਨੂੰ ਦੋਹਰੀ ਸੁਨਹਿਰੀ ਸਫਲਤਾ ਮਿਲੀ ਜਦੋਂ ਉਸ ਨੇ 10 ਮੀਟਰ ਏਅਰ ਰਾਈਫਲ ਵਿਚ ਵਿਅਕਤੀਗਤ ਸੋਨ ਤਮਗੇ ਤੋਂ ਇਲਾਵਾ ਪੇਰੂ ਦੇ ਲੀਮਾ ਵਿਚ ਚੱਲ ਰਹੀ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਲਈ ਟੀਮ ਤਮਗਾ ਵੀ ਜਿੱਤਿਆ। ਵਿਅਕਤੀਗਤ ਪ੍ਰਤੀਯੋਗਿਤਾ ਦੀਆਂ 24 ਸ਼ਾਟਾਂ ਦੇ ਰੋਮਾਂਚਕ ਫਾਈਨਲ ਵਿਚ 16 ਸਾਲਾ ਪਾਰਥ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 250.7 ਅੰਕ ਹਾਸਲ ਕੀਤੇ ਤੇ ਮੌਜੂਦਾ ਜੂਨੀਅਰ ਏਸ਼ੀਆਈ ਚੈਂਪੀਅਨ ਚੀਨ ਦੇ ਹੁਆਂਗ ਲਿਵਾਨਲਿਨ ਨੂੰ 0.7 ਅੰਕਾਂ ਨਾਲ ਪਛਾੜਿਆ।
ਪਾਰਥ ਦੇ ਹਮਵਤਨ ਤੇ ਫਾਰਮ ਵਿਚ ਚੱਲ ਰਹੇ ਅਜੇ ਮਲਿਕ ਤੇ 15 ਸਾਲਾ ਅਭਿਨਵ ਸ਼ਾਹ ਕ੍ਰਮਵਾਰ ਪੰਜਵੇਂ ਤੇ 7ਵੇਂ ਸਥਾਨ ’ਤੇ ਰਹੇ। ਅਜੇ ਸ਼ੂਟਆਫ ਵਿਚ ਹਾਰ ਗਿਆ। ਉਸ ਦੇ 186.7 ਅੰਕ ਰਹੇ ਜਦਕਿ ਅਭਿਨਵ ਨੇ 144.2 ਅੰਕ ਹਾਸਲ ਕੀਤੇ। ਪਾਰਥ ਨੇ ਅਜੇ ਤੇ ਅਭਿਨਵ ਦੇ ਨਾਲ ਪੁਰਸ਼ ਟੀਮ ਪ੍ਰਤੀਯੋਗਿਤਾ ਜਿੱਤੀ। ਭਾਰਤ ਨੂੰ ਦਿਨ ਦਾ ਤੀਜਾ ਸੋਨ ਤਮਗਾ ਗੌਤਮੀ ਭਨੋਟ, ਸੰਭਾਵੀ ਸ਼੍ਰੀਸਾਗਰ ਤੇ ਅਨੁਸ਼ਕਾ ਠਾਕੁਰ ਦੀ ਤਿੱਕੜੀ ਨੇ ਜੂਨੀਅਰ ਮਹਿਲਾ 10 ਮੀਟਰ ਏਅਰ ਰਾਈਫਲ ਟੀਮ ਪ੍ਰਤੀਯੋਗਿਤਾ ਦਾ ਖਿਤਾਬ ਜਿੱਤ ਕੇ ਦਿਵਾਇਆ। ਭਾਰਤ ਹੁਣ ਤੱਕ 5 ਸੋਨ ਤਮਗਿਆਂ ਨਾਲ ਚੈਂਪੀਅਨਸ਼ਿਪ ਵਿਚ ਚੋਟੀ ’ਤੇ ਬਣਿਆ ਹੋਇਆ ਹੈ।