ਪ੍ਰਸਿੱਧ ਕ੍ਰਿਸ਼ਣ ਨੂੰ ਲੱਗੀ ਸਿਰ ’ਚ ਸੱਟ, ਭਾਰਤ-ਏ ਦੇ ਬੱਲੇਬਾਜ਼ 196 ਦੌੜਾਂ ’ਤੇ ਢੇਰ
Thursday, Sep 25, 2025 - 12:07 AM (IST)

ਲਖਨਊ– ਭਾਰਤੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਆਸਟ੍ਰੇਲੀਆ-ਏ ਵਿਰੁੱਧ ਦੂਜੇ ਗੈਰ-ਅਧਿਕਾਰਤ ਟੈਸਟ ਮੈਚ ਦੇ ਦੂਜੇ ਦਿਨ ਬੁੱਧਵਾਰ ਨੂੰ ਭਾਰਤ-ਏ ਵਿਰੁੱਧ ਖੇਡਦੇ ਹੋਏ ਸਿਰ ਵਿਚ ਸੱਟ ਲੱਗ ਗਈ ਤੇ ਉਸ ਨੂੰ ਮੈਚ ਵਿਚੋਂ ਬਾਹਰ ਜਾਣਾ ਪਿਆ। ਉਸ ਨੂੰ ਭਾਰਤ-ਏ ਦੀ ਪਾਰੀ ਦੇ 39ਵੇਂ ਓਵਰ ਵਿਚ ਤੇਜ਼ ਗੇਂਦਬਾਜ਼ ਹੈਨਰੀ ਥਾਰਨਟਨ ਦੇ ਬਾਊਂਸਰ ’ਤੇ ਲੱਗੀ ਸੱਟੀ ਜਦੋਂ ਉਹ ਉਸਦੇ ਬਾਊਂਸਰ ਨੂੰ ਪੁਲ ਕਰਨ ਦੇ ਚੱਕਰ ਵਿਚ ਆਪਣੇ ਹੈਲਮੇਟ ’ਤੇ ਗੇਂਦ ਲਗਵਾ ਬੈਠਾ। ਹਾਲਾਂਕਿ ਤਦ ਜ਼ਰੂਰੀ ਕਨਕਸ਼ਨ ਤੋਂ ਬਾਅਦ ਉਸ ਨੇ ਖੇਡਣਾ ਜਾਰੀ ਰੱਖਿਆ ਪਰ ਤਿੰਨ ਓਵਰਾਂ ਤੋਂ ਬਾਅਦ ਜਦੋਂ 42ਵਾਂ ਓਵਰ ਖਤਮ ਹੋਇਆ ਤਾਂ ਉਹ ਅਚਾਨਕ ਪੈਵੇਲੀਅਨ ਵੱਲ ਜਾਣ ਲੱਗਾ ਤੇ ਨਵੇਂ ਬੱਲੇਬਾਜ਼ ਮੁਹੰਮਦ ਸਿਰਾਜ ਨੇ ਬੱਲੇਬਾਜ਼ੀ ਵਿਚ ਉਸਦੀ ਜਗ੍ਹਾ ਲਈ। ਸੱਟ ਲੱਗਣ ਤੋਂ ਪਹਿਲਾਂ ਪ੍ਰਸਿੱਧ ਨੇ ਥਾਰਨਟਨ ਦੇ ਹੀ ਇਕ ਬਾਊਂਸਰ ’ਤੇ ਪੁਲ ਕਰਦੇ ਹੋਏ ਛੱਕਾ ਲਾਇਆ ਸੀ। ਹਾਲਾਂਕਿ ਜਦੋਂ ਭਾਰਤੀ ਟੀਮ ਦੀ 9ਵੀਂ ਵਿਕਟ ਗੁਰਨੂਰ ਦੇ ਰੂਪ ਵਿਚ ਡਿੱਗੀ ਤਾਂ ਪ੍ਰਸਿੱਧ ਦੀ ਜਗ੍ਹਾ ਯਸ਼ ਠਾਕੁਰ ਕਨਕਸ਼ਨ ਸਬਸਟੀਚਿਊਟ ਦੇ ਰੂਪ ਵਿਚ ਬੱਲੇਬਾਜ਼ੀ ਲਈ ਆਇਆ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਪ੍ਰਸਿੱਧ ਦੀ ਇਹ ਸੱਟ ਕਿੰਨੀ ਗੰਭੀਰ ਹੈ ਪਰ ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਦੇ ਦਿਨ ਅਜਿਹਾ ਹੋਣਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਫਿਲਹਾਲ ਮੈਚ ਦੇ ਦੂਜੇ ਦਿਨ ਆਸਟ੍ਰੇਲੀਆ-ਏ ਦੀਆਂ 420 ਦੌੜਾਂ ਦੇ ਜਵਾਬ ਵਿਚ ਭਾਰਤ-ਏ ਦੀ ਟੀਮ ਸਿਰਫ 194 ਦੌੜਾਂ ’ਤੇ ਢੇਰ ਹੋ ਗਈ। ਸਾਈ ਸੁਦਰਸ਼ਨ ਨੇ ਭਾਰਤ-ਏ ਵੱਲੋਂ ਸਭ ਤੋਂ ਵੱਧ 75 ਦੌੜਾਂ ਬਣਾਈਆਂ। ਹਾਲਾਂਕਿ ਆਸਟ੍ਰੇਲੀਆ-ਏ ਦੀ ਟੀਮ ਨੇ ਫਾਲੋਆਨ ਨਾ ਦਿੰਦੇ ਹੋਏ ਦੂਜੀ ਵਾਰ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸਟੰਪਸ ਤੱਕ 16 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਆਸਟ੍ਰੇਲੀਆ-ਏ ਦੀ ਕੁੱਲ ਬੜ੍ਹਤ 242 ਦੌੜਾਂ ਦੀ ਹੋ ਗਈ ਹੈ।