ਪੈਰਿਸ ਪੈਰਾਲੰਪਿਕਸ : ਤੈਰਾਕ ਸੁਯਸ਼ ਜਾਧਵ ਫਾਈਨਲ ''ਚ ਜਗ੍ਹਾ ਬਣਾਉਣ ''ਚ ਰਹੇ ਅਸਫਲ

Saturday, Sep 07, 2024 - 05:41 PM (IST)

ਪੈਰਿਸ- ਪੈਰਾ ਤੈਰਾਕ ਸੁਯਸ਼ ਜਾਧਵ ਸ਼ਨੀਵਾਰ ਨੂੰ ਇੱਥੇ ਪੈਰਾਲੰਪਿਕ ਵਿਚ ਪੁਰਸ਼ਾਂ ਦੀ 50 ਮੀਟਰ ਬਟਰਫਲਾਈ ਐੱਸ7 ਦੇ ਫਾਈਨਲ ਵਿਚ ਪ੍ਰਵੇਸ਼ ਕਰਨ ਵਿਚ ਨਾਕਾਮ ਰਹੇ ਜਿਸ ਨਾਲ ਇਸ ਖੇਡ ਵਿਚ ਭਾਰਤ ਦੀ ਮੁਹਿੰਮ ਦਾ ਅੰਤ ਹੋ ਗਿਆ। ਹੀਟ 1 ਵਿੱਚ ਮੁਕਾਬਲਾ ਕਰਦਿਆਂ 30 ਸਾਲਾ ਸੁਯਸ਼ 33.47 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ 'ਤੇ ਰਹੇ ਜੋ ਕੁੱਲ ਮਿਲਾ ਕੇ 10ਵਾਂ ਸਥਾਨ ਸੀ। ਦੋ ਹੀਟ ਤੋਂ ਚੋਟੀ ਦੇ ਚਾਰ ਤੈਰਾਕ ਫਾਈਨਲ ਵਿੱਚ ਪਹੁੰਚਦੇ ਹਨ। ਜਾਧਵ ਏਸ਼ੀਅਨ ਪੈਰਾ ਖੇਡਾਂ, ਵਿੰਟਰ ਓਪਨ ਪੋਲਿਸ਼ ਚੈਂਪੀਅਨਸ਼ਿਪ ਅਤੇ ਆਈਡਬਲਯੂਏਐੱਸ ਵਿਸ਼ਵ ਖੇਡਾਂ ਵਿੱਚ ਸੋਨ ਤਮਗਾ ਜੇਤੂ ਹੈ।
ਮਹਾਰਾਸ਼ਟਰ ਦੇ ਸੋਲਾਪੁਰ ਦੇ ਰਹਿਣ ਵਾਲੇ ਜਾਧਵ ਜਦੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਲੋਹੇ ਦੀ ਰਾਡ ਨਾਲ ਖੇਡਦੇ ਸਮੇਂ ਅਚਾਨਕ ਬਿਜਲੀ ਦੀ ਲਾਈਨ ਛੂਹ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਹੱਥ ਕੂਹਣੀ ਤੋਂ ਹੇਠਾਂ ਕੱਟਣੇ ਪਏ। ਉਹ ਲਗਾਤਾਰ ਤਿੰਨ ਪੈਰਾਲੰਪਿਕ–ਰੀਓ 2016, ਟੋਕੀਓ 2020 ਅਤੇ ਪੈਰਿਸ 2024 ਵਿੱਚ ‘ਏ’ ਕੁਆਲੀਫਾਇੰਗ ਅੰਕ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪੈਰਾ ਤੈਰਾਕ ਬਣੇ।
ਐੱਸ7 ਸ਼੍ਰੇਣੀ 'ਚ ਉਹ ਪੈਰਾ ਤੈਰਾਕ ਹਿੱਸਾ ਲੈਂਦੇ ਹਨ ਜਿਨ੍ਹਾਂ ਦੇ ਹੱਥ, ਧੜ ਅਤੇ ਪੈਰਾਂ ਦੀ ਮੂਵਮੈਂਟ ਪ੍ਰਭਾਵਿਤ ਹੁੰਦੀ ਹੈ ਜਾਂ ਫਿਰ ਛੋਟੇ ਕੱਦ ਵਾਲੇ ਹੁੰਦੇ ਹਨ ਜਾਂ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ। ਭਾਰਤ ਨੇ ਪੈਰਾਲੰਪਿਕ ਖੇਡਾਂ ਵਿੱਚ ਹੁਣ ਤੱਕ ਸਿਰਫ਼ ਇੱਕ ਹੀ ਤਮਗਾ ਜਿੱਤਿਆ ਹੈ ਜੋ ਕਿ 1972 ਵਿੱਚ ਹੇਡਲਬਰਗ ਖੇਡਾਂ ਵਿੱਚ ਮੁਰਲੀਕਾਂਤ ਪੇਟਕਰ ਦੁਆਰਾ ਜਿੱਤਿਆ ਗਿਆ ਸੋਨ ਤਮਗਾ ਸੀ।


Aarti dhillon

Content Editor

Related News