ਟੋਕੀਓ ਖੇਡਾਂ ਲਈ ਨਜ਼ਰਅੰਦਾਜ਼ ਕੀਤੇ ਜਾਣ ’ਤੇ ਪੰਜ ਵਾਰ ਦੇ ਪੈਰਾਲੰਪੀਅਨ ਨਰੇਸ਼ ਪਹੁੰਚੇ ਅਦਾਲਤ
Thursday, Jul 22, 2021 - 03:13 PM (IST)
ਨਵੀਂ ਦਿੱਲੀ— ਪੰਜ ਵਾਰ ਦੇ ਪੈਰਾਲੰਪੀਅਨ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਸ਼ਰਮਾ ਨੇ ਆਗਮੀ ਟੋਕੀਓ ਖੇਡਾਂ ਲਈ ਨਹੀਂ ਚੁਣੇ ਜਾਣ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਰਜੁਨ ਪੁਰਸਕਾਰ ਜੇਤੂ ਸ਼ਰਮਾ ਨੇ ਦੋਸ ਲਾਇਆ ਕਿ ਉਨ੍ਹਾਂ ਨੇ ਸਾਰੇ ਪਾਤਰਤਾ ਮਾਪਦੰਡਾਂ ਤੇ ਘੱਟੋ-ਘੱਟ ਕੁਆਲੀਫਾਇੰਗ ਸਕੋਰ ਹਾਸਲ ਕੀਤਾ ਪਰ ਇਸ ਦੇ ਬਾਅਦ ਵੀ ਚੋਣ ਪੈਨਲ, ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਨੇ ਜਾਣਬੁੱਝ ਕੇ ਤੇ ਮਨਮਾਨੇ ਢੰਗ ਨਾਲ ਪੈਰਾਲੰਪਿਕ ਲਈ ਉਨ੍ਹਾਂ ਦੇ ਨਾਂ ਨੂੰ ਨਜ਼ਰਅੰਦਾਜ਼ ਕੀਤਾ।
ਪਟੀਸ਼ਨ ’ਚ ਮੰਗ ਕੀਤੀ ਗਈ ਕਿ ਅਦਾਲਤ ਪੀ. ਸੀ. ਆਈ. ਨੂੰ ‘ਆਰ7 ਮੁਕਾਬਲੇਬਾਜ਼ੀ’ ਲਈ ਚੁਣੇ ਗਏ ਨਿਸ਼ਾਨੇਬਾਜ਼ਾਂ ਦੀ ਸੂਚੀ ’ਚ ਸ਼ਰਮਾ ਦੇ ਨਾਂ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦੇਣ। ਜੱਜ ਰੇਖਾ ਪੱਲੀ 22 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਉਨ੍ਹਾਂ ਵਕੀਲ ਸੁਸ਼ਾਂਤ ਸਿੰਘ ਤੇ ਅਮਿਤ ਕੁਮਾਰ ਸ਼ਰਮਾ ਰਾਹੀਂ ਦਾਇਰ ਆਪਣੀ ਪਟੀਸ਼ਨ ’ਚ ਤਰਕ ਦਿੱਤਾ ਕਿ ਚੋਣ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਨਹੀਂ ਸੀ ਤੇ ਕਮੇਟੀ ਨੇ ਉਨ੍ਹਾਂ ਪ੍ਰਤੀ ਵਿਤਕਰੇ ਵਾਲਾ ਰਵੱਈਆ ਅਪਣਾਇਆ ਹੈ।