ਪੰਡਯਾ ਦੀ ਹੋਵੇਗੀ ਮੁੰਬਈ ''ਚ ਵਾਪਸੀ, ਸਿਰਾਜ ਦੀ ਲੈਅ ਗੁਜਰਾਤ ਲਈ ਚਿੰਤਾ ਦਾ ਵਿਸ਼ਾ
Saturday, Mar 29, 2025 - 12:32 PM (IST)

ਅਹਿਮਦਾਬਾਦ- ਕਪਤਾਨ ਹਾਰਦਿਕ ਪੰਡਯਾ ਦੀ ਇਕ ਮੈਚ ’ਤੇ ਪਾਬੰਦੀ ਤੋਂ ਬਾਅਦ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਵਾਪਸੀ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਵਿਚ ਗੁਜਰਾਤ ਟਾਈਟਨਜ਼ ਵਿਰੁੱਧ ਹੋਣ ਵਾਲੇ ਮੈਚ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਜ਼ਰੂਰੀ ਸੰਤੁਲਨ ਪ੍ਰਦਾਨ ਕਰੇਗੀ।
ਦੋਵੇਂ ਟੀਮਾਂ ਮੌਜੂਦਾ ਸੈਸ਼ਨ ਵਿਚ ਆਪਣੀ ਪਹਿਲੀ ਜਿੱਤ ਦੀ ਭਾਲ ਵਿਚ ਹਨ। ਚੇਨਈ ਸੁਪਰ ਕਿੰਗਜ਼ ਵਿਰੁੱਧ ਮੁੰਬਈ ਇੰਡੀਅਨਜ਼ ਆਈ. ਪੀ. ਐੱਲ. ਸੈਸ਼ਨ ਦੇ ਸ਼ੁਰੂਆਤੀ ਮੈਚ ਵਿਚ ਹਾਰ ਜਾਣ ਤੋਂ ਬਾਅਦ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਅੜਿੱਕੇ ਨੂੰ ਤੋੜ ਨਹੀਂ ਸਕੀ । ਚੇਨਈ ਨੇ ਇਸ ਮੈਚ ਨੂੰ ਆਸਾਨੀ ਨਾਲ 4 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।
ਦੂਜੇ ਪਾਸੇ ਗੁਜਰਾਤ ਟਾਈਟਨਜ਼ ਨੇ ਪੰਜਾਬ ਕਿੰਗਜ਼ ਵਿਰੁੱਧ ਵੱਡੇ ਸਕੋਰ ਵਾਲਾ ਮੈਚ 11 ਦੌੜਾਂ ਨਾਲ ਗੁਆ ਦਿੱਤਾ। ਮੁੰਬਈ ਨੇ ਪਹਿਲੇ ਤੇ ਦੂਜੇ ਮੈਚ ਵਿਚਾਲੇ ਲੱਗਭਗ ਇਕ ਹਫਤੇ ਦੇ ਫਰਕ ਦੌਰਾਨ ਆਰਾਮ ਕੀਤਾ। ਟੀਮ ਨੇ ਇਸ ਦੌਰਾਨ ਆਪਸੀ ਸਮਝ ਵਧਾਉਣ ਵਾਲੀਆਂ ਗਤੀਵਿਧੀਆਂ ’ਤੇ ਧਿਆਨ ਦਿੱਤਾ। ਟੂਰਨਾਮੈਂਟ ਅਜੇ ਆਪਣੇ ਸ਼ੁਰੂਆਤੀ ਦਿਨਾਂ ਵਿਚ ਹੀ ਹੈ ਪਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਬਿਨਾਂ ਮੁੰਬਈ ਦੀ ਗੇਂਦਬਾਜ਼ੀ ਇਕਾਈ ਸੰਘਰਸ਼ ਕਰਦੀ ਹੋਈ ਦਿਸ ਰਹੀ ਹੈ। ਇਸ ਦੌਰਾਨ ਪਹਿਲੇ ਮੈਚ ਵਿਚ ਨਿਯਮਤ ਕਪਤਾਨ ਪੰਡਯਾ ਦੀ ਗੈਰ-ਮੌਜੂਦਗੀ ਨੇ ਟੀਮ ਲਈ ਚੀਜ਼ਾਂ ਨੂੰ ਹੋਰ ਵੀ ਮੁਸ਼ਕਿਲ ਕਰ ਦਿੱਤਾ ਹੈ।
ਹਾਰਦਿਕ ਭਾਰਤੀ ਕ੍ਰਿਕਟ ਵਿਚ ਮੌਜੂਦਾ ਸਮੇਂ ਵਿਚ ਇਕਲੌਤਾ ਤੇਜ਼ ਗੇਂਦਬਾਜ਼ੀ ਆਲਰਾਊਂਡਰ ਹੈ। ਉਹ ਗੇਂਦ ਤੇ ਬੱਲੇ ਦੋਵਾਂ ਵਿਚੋਂ ਕਿਸੇ ਇਕ ਨਾਲ ਮੈਚ ’ਤੇ ਵੱਡਾ ਅਸਰ ਪਾਉਣ ਦੀ ਸਮਰੱਥਾ ਰੱਖਦਾ ਹੈ। ਉਸਦੀ ਵਾਪਸੀ ਦਾ ਮਤਲਬ ਹੈ ਕਿ ਰੌਬਿਨ ਮਿੰਜ ਨੂੰ ਸ਼ਾਇਦ ਬਾਹਰ ਬੈਠਣਾ ਪਵੇਗਾ। ਮਿੰਜ ਆਪਣੇ ਪਹਿਲੇ ਮੈਚ ਵਿਚ ਚੇਨਈ ਵਿਰੁੱਧ ਚੇਪਾਕ ਮੈਦਾਨ ਦੀ ਮੁਸ਼ਕਿਲ ਪਿੱਚ ’ਤੇ ਸੰਘਰਸ਼ ਕਰਦਾ ਦਿਸਿਆ। ਟੀਮ ਨੂੰ ਹਾਲਾਂਕਿ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਮੈਚ ਖੇਡਣਾ ਹੈ, ਜਿੱਥੇ ਹਾਲਾਤ ਪੂਰੀ ਤਰ੍ਹਾਂ ਨਾਲ ਬੱਲੇਬਾਜ਼ੀ ਦੇ ਅਨੁਕੂਲ ਦਿਸੇ ਹਨ। ਇਸ ਮੈਦਾਨ ’ਤੇ ਪੰਜਾਬ ਕਿੰਗਜ਼ (243) ਤੇ ਗੁਜਰਾਤ ਟਾਈਟਨਜ਼ (232) ਵਿਚਾਲੇ ਖੇਡੇ ਗਏ ਪਿਛਲੇ ਮੈਚ ਵਿਚ 475 ਦੌੜਾਂ ਬਣੀਆਂ ਸਨ।
ਬੱਲੇਬਾਜ਼ੀ ਲਈ ਆਸਾਨ ਪਿੱਚ ’ਤੇ ਗੁਜਰਾਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਪ੍ਰਦਰਸ਼ਨ ਅਹਿਮ ਹੋਵੇਗਾ। ਉਹ ਪਿਛਲੇ ਕੁਝ ਸਮੇਂ ਤੋਂ ਲੈਅ ਵਿਚ ਨਹੀਂ ਹੈ ਤੇ ਪੰਜਾਬ ਵਿਰੁੱਧ ਉਸ ਨੇ 54 ਦੌੜਾਂ ਦਿੱਤੀਆਂ। ਪ੍ਰਸਿੱਧ ਕ੍ਰਿਸ਼ਣਾ ਵੀ ਇਸ ਮੈਚ ਵਿਚ ਪ੍ਰਭਾਵ ਪਾਉਣ ਵਿਚ ਅਸਫਲ ਰਿਹਾ। ਗੁਜਰਾਤ ਦੀ ਟੀਮ ਵਿਚ ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਦੀ ਕਮੀ ਹੈ ਤੇ ਮੁੱਖ ਕੋਚ ਆਸ਼ੀਸ਼ ਨਹਿਰਾ ਲਈ ਇਹ ਚਿੰਤਾ ਦੀ ਗੱਲ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨ ਦੇ ਪੁੱਤ ਦੀ ਹੋਈ ਬੱਲੇ-ਬੱਲੇ, ਰਾਤੋ-ਰਾਤ ਬਣਿਆ ਕਰੋੜਪਤੀ, ਪੂਰੇ ਪਿੰਡ 'ਚ ਵੰਡ ਰਿਹੈ ਮਠਿਆਈ
ਕੈਗਿਸਾ ਰਬਾਡਾ ਤੇ ਰਾਸ਼ਿਦ ਖਾਨ ਵਰਗੇ ਧਾਕੜ ਵਿਦੇਸ਼ੀ ਖਿਡਾਰੀਆਂ ’ਤੇ ਦੌੜਾਂ ਰੋਕਣ ਦੇ ਨਾਲ-ਨਾਲ ਵਿਕਟਾਂ ਲੈਣ ਦਾ ਦਬਾਅ ਬਹੁਤ ਜ਼ਿਆਦਾ ਹੈ। ਮੁੰਬਈ ਲਈ ਭਾਰਤੀ ਟੀ-20 ਟੀਮ ਦਾ ਕਪਤਾਨ ਸੂਰਯਕੁਮਾਰ ਯਾਦਵ ਤੇ ਟੈਸਟ ਤੇ ਵਨ ਡੇ ਕਪਤਾਨ ਰੋਹਿਤ ਸ਼ਰਮਾ ਦੀ ਮੌਜੂਦਾ ਲੈਅ ਚਿੰਤਾ ਦਾ ਸਬੱਬ ਹੈ। ਹਾਰਦਿਕ ਦੀ ਵਾਪਸੀ ਨਾਲ ਟੀਮ ਦੀ ਬੱਲੇਬਾਜ਼ੀ ਨੂੰ ਗਹਿਰਾਈ ਮਿਲੇਗੀ ਜਦਕਿ ਲੋੜ ਪੈਣ ’ਤੇ ਉਹ ਨਵੀਂ ਗੇਂਦ ਨਾਲ ਗੇਂਦਬਾਜ਼ੀ ਹਮਲੇ ਦੀ ਸ਼ੁਰੂਆਤ ਵੀ ਕਰ ਸਕਦਾ ਹੈ।
ਮੁੰਬਈ ਇੰਡੀਅਨਜ਼ ਦੀ ਇਕ ਹੋਰ ਸਮੱਸਿਆ ਵਿਕਟਕੀਪਰ ਬੱਲੇਬਾਜ਼ ਦੀ ਹੈ। ਟੀਮ ਰਿਆਨ ਰਿਕਲੇਟਨ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਕਿਉਂਕਿ ਰੌਬਿਨ ਮਿੰਜ ਕੋਲ ਇਸ ਪੱਧਰ ਦੀ ਕ੍ਰਿਕਟ ਦਾ ਜ਼ਿਆਦਾ ਤਜਰਬਾ ਨਹੀਂ ਹੈ। ਚੇਨਈ ਸੁਪਰ ਕਿੰਗਜ਼ ਵਿਰੁੱਧ ਸਪਿੰਨਰਾਂ ਦੀ ਮਦਦਗਾਰ ਪਿੱਚ ’ਤੇ ਆਰਮ ਸਪਿੰਨਰ ਵਿਗਨੇਸ਼ ਪੁਥੁਰ ਨੇ ਆਪਣੀ ਪ੍ਰਤਿਭਾ ਨਾਲ ਪ੍ਰਭਾਵਿਤ ਕੀਤਾ ਹੈ ਪਰ ਉਸਦੀ ਅਸਲੀ ਪ੍ਰੀਖਿਆ ਗੁਜਰਾਤ ਟਾਈਟਨਜ਼ ਵਿਰੁੱਧ ਬੱਲੇਬਾਜ਼ੀ ਲਈ ਆਸਾਨ ਪਿੱਚ ’ਤੇ ਹੋਵੇਗੀ। ਗੁਜਰਾਤ ਟਾਈਟਨਜ਼ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਕਪਤਾਨ ਸ਼ੁਭਮਨ ਗਿੱਲ ’ਤੇ ਹੋਵੇਗੀ।
ਪਿਛਲੇ ਮੈਚ ਵਿਚ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਵਿਜਯਕੁਮਾਰ ਵੈਸ਼ਾਖ ਨੇ ਜਿਸ ਤਰ੍ਹਾਂ ਨਾਲ ਸ਼ੇਰਫੇਨ ਰਦਰਫੋਰਡ ਨੂੰ ਵਾਈਡ ਯਾਰਕਰ ਜਾਂ ਵਾਈਡ ਲੋਅ ਫੁੱਲਟਾਸ ਨਾਲ ਪ੍ਰੇਸ਼ਾਨ ਕੀਤਾ, ਉਸ ਨੂੰ ਦੇਖਦੇ ਹੋਏ ਗੁਜਰਾਤ ਦੀ ਟੀਮ ਗਲੇਨ ਫਿਲਿਪਸ ਨੂੰ ਮੌਕਾ ਦੇ ਸਕਦੀ ਹੈ। ਫਿਲਿਪਸ ਹਮਲਾਵਰ ਬੱਲੇਬਾਜ਼ੀ ਦੇ ਨਾਲ ਆਫ ਸਪਿੰਨ ਗੇਂਦਬਾਜ਼ੀ ਵੀ ਕਰਦਾ ਹੈ। ਗਿੱਲ ਲਈ ਗੇਂਦਬਾਜ਼ੀ ਚਿੰਤਾ ਦਾ ਵਿਸ਼ਾ ਹੋਵੇਗੀ ਕਿਉਂਕਿ ਜ਼ਿਆਦਾਤਰ ਭਾਰਤੀ ਗੇਂਦਬਾਜ਼ (ਸਿਰਾਜ, ਪ੍ਰਸਿੱਧ ਕ੍ਰਿਸ਼ਣਾ ਤੇ ਤਜਰਬੇਕਾਰ ਇਸ਼ਾਂਤ ਸ਼ਰਮਾ) ਇਕ ਹੀ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਹਨ।
ਟੀਮਾਂ:
ਗੁਜਰਾਤ ਟਾਈਟਨਸ: ਜੋਸ ਬਟਲਰ, ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਗਲੇਨ ਫਿਲਿਪਸ, ਸ਼ਾਹਰੁਖ ਖਾਨ, ਵਾਸ਼ਿੰਗਟਨ ਸੁੰਦਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਇਸ਼ਾਂਤ ਸ਼ਰਮਾ, ਜਯੰਤ ਯਾਦਵ, ਮਹੀਪਾਲ ਲੋਮਰੋਰ, ਕਰੀਮ ਜਨਤ, ਕੁਲਵੰਤ ਖੇਜਰੋਲੀਆ, ਅਨੁਜ ਰਾਵਤ, ਗੇਰਾਲਡ ਕੋਏਟਜ਼ੀ, ਸ਼ੇਰਫੇਨ ਰਦਰਫੋਰਡ, ਮਾਨਵ ਸੁਥਾਰ, ਕੁਮਾਰ ਕੁਸ਼ਾਗਰਾ, ਅਰਸ਼ਦ ਖਾਨ, ਗੁਰਨੂਰ ਬਰਾੜ, ਨਿਸ਼ਾਂਤ ਸਿੰਧੂ
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਰੌਬਿਨ ਮਿੰਜ, ਰਿਆਨ ਰਿਕਲਟਨ (ਵਿਕਟਕੀਪਰ), ਸ਼੍ਰੀਜੀਤ ਕ੍ਰਿਸ਼ਨਨ (ਵਿਕਟਕੀਪਰ), ਬੇਵੋਨ ਜੈਕਬਸ, ਤਿਲਕ ਵਰਮਾ, ਨਮਨ ਧੀਰ, ਵਿਲ ਜੈਕਸ, ਮਿਸ਼ੇਲ ਸੈਂਟਨਰ, ਰਾਜ ਅੰਗਦ ਬਾਵਾ, ਵਿਗਨੇਸ਼ ਪੁਥੁਰ, ਕੋਰਬਿਨ ਬੋਸ਼, ਟ੍ਰੈਂਟ ਬੋਲਟ, ਕਰਨ ਸ਼ਰਮਾ, ਦੀਪਕ ਚਾਹਰ, ਅਸ਼ਵਨੀ ਕੁਮਾਰ, ਰੀਸ ਟੋਪਲੇ, ਵੀਐਸ ਪੇਨਮੇਤਸਾ, ਅਰਜੁਨ ਤੇਂਦੁਲਕਰ, ਮੁਜੀਬ ਉਰ ਰਹਿਮਾਨ, ਜਸਪ੍ਰੀਤ ਬੁਮਰਾਹ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮਾਂ: ਸ਼ਾਮ 07:30 ਵਜੇ।