ਭਾਰਤ-ਪਾਕਿ ਮੈਚ ਦੌਰਾਨ ਪਾਕਿਸਤਾਨੀ ਵਿਅਕਤੀ ਨੇ ਗਾਇਆ ਭਾਰਤੀ ਰਾਸ਼ਟਰੀ ਗੀਤ
Monday, Sep 24, 2018 - 04:10 AM (IST)

ਦੁਬਈ— ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੌਰਾਨ ਇਕ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਦੀ ਭਾਰਤੀ ਰਾਸ਼ਟਰੀ ਗੀਤ ਗਾਉਂਦਿਆਂ ਦੀ ਇਕ ਵੀਡੀਓ ਵਾਇਰਲ ਹੋਈ ਹੈ। 29 ਸਾਲਾ ਆਦਿਲ ਤਾਜ ਉਨ੍ਹਾਂ ਹਜ਼ਾਰਾਂ ਕ੍ਰਿਕਟ ਪ੍ਰੇਮੀਆਂ 'ਚੋਂ ਇਕ ਹੈ, ਜਿਸ ਨੇ 19 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਆਯੋਜਿਤ ਭਾਰਤ-ਪਾਕਿਸਤਾਨ ਦਾ ਮੈਚ ਦੇਖਿਆ। ਪਾਕਿਸਤਾਨ ਇਹ ਮੈਚ ਭਾਰਤ ਹੱਥੋਂ 8 ਵਿਕਟਾਂ ਨਾਲ ਹਾਰ ਗਿਆ ਸੀ।
ਗਲਫ ਨਿਊਜ਼ ਦੀ ਇਕ ਖਬਰ ਅਨੁਸਾਰ, ਤਾਜ ਨੇ ਕਿਹਾ ਕਿ ਜਦੋਂ ਉਸ ਨੇ ਬਾਲੀਵੁੱਡ ਦੀ ਇਕ ਫਿਲਮ ਵਿਚ ਭਾਰਤੀ ਰਾਸ਼ਟਰੀ ਗੀਤ ਪਹਿਲੀ ਵਾਰ ਸੁਣਿਆ ਸੀ, ਉਦੋਂ ਉਹ ਹੈਰਾਨ ਰਹਿ ਗਿਆ। ਉਸ ਨੇ ਕਿਹਾ ਕਿ ਇਹ ਉਸ ਵੱਲੋਂ ਸ਼ਾਂਤੀ ਲਈ ਚੁੱਕਿਆ ਗਿਆ ਇਕ ਛੋਟਾ ਜਿਹਾ ਕਦਮ ਸੀ। ਤਾਜ ਨੇ ਕਿਹਾ, ''ਮੈਂ ਬਾਲੀਵੁੱਡ ਦਾ ਬਹੁਤ ਵੱਡਾ ਫੈਨ ਹਾਂ। ਮੈਂ ਹਿੰਦੀ ਫਿਲਮ 'ਕਭੀ ਖੁਸ਼ੀ ਕਭੀ ਗਮ' ਵਿਚ ਭਾਰਤੀ ਰਾਸ਼ਟਰੀ ਗੀਤ ਪਹਿਲੀ ਵਾਰ ਸੁਣਿਆ ਸੀ। ਰਾਸ਼ਟਰੀ ਗੀਤ ਦੌਰਾਨ ਦਾ ਇਕ ਸੀਨ ਇੰਨਾ ਭਾਵਨਾਤਮਕ ਸੀ ਕਿ ਮੇਰੇ ਰੌਂਗਟੇ ਖੜ੍ਹੇ ਹੋ ਗਏ। ਉਦੋਂ ਤੋਂ ਜਦੋਂ ਵੀ ਭਾਰਤ ਨਾਲ ਕੋਈ ਕ੍ਰਿਕਟ ਮੈਚ ਹੋਇਆ ਤੇ ਇਹ ਰਾਸ਼ਟਰੀ ਗੀਤ ਵੱਜਿਆ, ਮੈਂ ਇਸ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ।''
ਦੁਬਈ ਵਿਚ ਰਹਿਣ ਵਾਲੇ ਤਾਜ ਨੇ ਕਿਹਾ, ''ਮੈਚ ਦੌਰਾਨ ਪਾਕਿਸਤਾਨ ਦਾ ਰਾਸ਼ਟਰੀ ਗੀਤ ਪਹਿਲਾਂ ਗਾਇਆ ਗਿਆ। ਸਟੇਡੀਅਮ ਵਿਚ ਮੌਜੂਦ ਸਾਰੇ ਭਾਰਤੀ ਉਸਦੇ ਸਨਮਾਨ ਵਿਚ ਖੜ੍ਹੇ ਹੋ ਗਏ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਮੈਂ ਸੋਚਿਆ ਕਿ ਜਦੋਂ ਉਨ੍ਹਾਂ ਦਾ ਰਾਸ਼ਟਰੀ ਗੀਤ ਗਾਇਆ ਜਾਵੇਗਾ ਤਾਂ ਮੈਂ ਵੀ ਉਸਦਾ ਹਿੱਸਾ ਬਣਾਂਗਾ।