ਵਿਸ਼ਵ ਕੱਪ ਫਾਈਨਲ ''ਚ ਪਹੁੰਚਣ ''ਤੇ ਹੀ ਅਹਿਮਦਾਬਾਦ ''ਚ ਖੇਡੇਗਾ ਪਾਕਿਸਤਾਨ
Thursday, Jun 08, 2023 - 04:12 PM (IST)
ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਨਜ਼ਮ ਸੇਠੀ ਨੇ ਕਿਹਾ ਹੈ ਕਿ ਜੇ ਪਾਕਿਸਤਾਨੀ ਟੀਮ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਦੀ ਹੈ ਤਾਂ ਹੀ ਅਹਿਮਦਾਬਾਦ 'ਚ ਖੇਡੇਗੀ। ਦਰਅਸਲ, ਵਿਸ਼ਵ ਕੱਪ 'ਚ ਪਾਕਿਸਤਾਨ ਆਪਣੇ ਮੈਚ ਕੋਲਕਾਤਾ, ਮੁੰਬਈ ਤੇ ਬੈਂਗਲੁਰੂ 'ਚ ਖੇਡਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ, ਸੇਠੀ ਨੇ ਆਈ. ਸੀ. ਸੀ. ਦੇ ਚੇਅਰਮੈਨ ਗਰੇਗ ਬਾਰਕਲੇ ਨੂੰ ਆਪਣੇ ਖਦਸ਼ਿਆਂ ਤੋਂ ਜਾਣੂ ਕਰਵਾਇਆ।
ਬਾਰਕਲੇ ਤੇ ਆਈ. ਸੀ. ਸੀ. ਦੇ ਜਨਰਲ ਡਾਇਰੈਕਟਰ ਜਿਓਫ ਅਲਾਰਡਿਸ ਹਾਲ ਹੀ ਵਿਚ ਪੀ. ਸੀ. ਬੀ. ਅਧਿਕਾਰੀਆਂ ਤੋਂ ਇਹ ਭਰੋਸਾ ਲੈਣ ਆਏ ਸਨ ਕਿ ਉਹ ਵਨਡੇ ਵਿਸ਼ਵ ਕੱਪ 'ਚ ਆਪਣੇ ਮੈਚ ਨਿਰਪੱਖ ਸਥਾਨ 'ਤੇ ਕਰਵਾਉਣ ਦੀ ਮੰਗ ਨਹੀਂ ਕਰਨਗੇ ਕਿਉਂਕਿ ਏਸ਼ੀਆਈ ਕ੍ਰਿਕਟ ਕੌਂਸਲ (ACC) ਹਾਈਬਿ੍ਡ ਮਾਡਲ 'ਤੇ ਏਸ਼ੀਆ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਉਨ੍ਹਾਂ ਦੀ ਮੰਗ ਠੁਕਰਾਉਣ ਜਾ ਰਿਹਾ ਹੈ।
ਪੀ. ਸੀ. ਬੀ. ਦੇ ਸੂਤਰਾਂ ਨੇ ਕਿਹਾ ਕਿ ਸੇਠੀ ਨੇ ਬਾਰਕਲੇ ਤੇ ਅਲਾਰਡਿਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਪਾਕਿਸਤਾਨ ਅਹਿਮਦਾਬਾਦ 'ਚ ਮੈਚ ਨਹੀਂ ਖੇਡਣਾ ਚਾਹੁੰਦਾ ਜਦੋਂ ਤਕ ਕਿ ਇਹ ਨਾਕਆਊਟ ਜਾਂ ਫਾਈਨਲ ਵਰਗਾ ਮੈਚ ਨਹੀਂ ਹੁੰਦਾ। ਉਨ੍ਹਾਂ ਆਈਸੀਸੀ ਨੂੰ ਅਪੀਲ ਕੀਤੀ ਹੈ ਕਿ ਜੇ ਪਾਕਿਸਤਾਨ ਸਰਕਾਰ ਭਾਰਤ ਜਾ ਕੇ ਵਿਸ਼ਵ ਕੱਪ ਖੇਡਣ ਦੀ ਇਜਾਜ਼ਤ ਦਿੰਦੀ ਹੈ ਤਾਂ ਪਾਕਿਸਤਾਨ ਦੇ ਮੈਚ ਚੇਨਈ, ਬੈਂਗਲੁਰੂ ਤੇ ਕੋਲਕਾਤਾ 'ਚ ਕਰਵਾਏ ਜਾਣ। ਪਾਕਿਸਤਾਨ ਬੋਰਡ ਅਹਿਮਦਾਬਾਦ 'ਚ ਟੀਮ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।