ਵਰਲਡ ਕੱਪ ਦੇ ਹੁਣ ਤਕ ਹੋਏ ਮੈਚਾਂ 'ਚ ਸ਼੍ਰੀਲੰਕਾ ਤੋਂ ਨਹੀਂ ਹਾਰਿਆ ਪਾਕਿਸਤਾਨ
Friday, Jun 07, 2019 - 09:59 AM (IST)

ਸਪੋਰਟਸ ਡੈਸਕ— ਨੰਬਰ-1 ਇੰਗਲੈਂਡ ਨੂੰ ਹਰਾਉਣ ਦੇ ਬਾਅਦ ਪਾਕਿਸਤਾਨ ਆਪਣੇ ਤੀਜੇ ਮੁਕਾਬਲੇ 'ਚ ਅੱਜ ਸ਼੍ਰੀਲੰਕਾ ਦੇ ਖਿਲਾਫ ਉਤਰੇਗਾ। ਇਹ ਮੈਚ ਬ੍ਰਿਸਟਲ ਦੀ ਕਾਊਂਟੀ ਗ੍ਰਾਊਂਡ 'ਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਵਿਚਾਲੇ ਪਿਛਲੇ 20 ਮਹੀਨਿਆਂ ਤੋਂ ਕੋਈ ਮੈਚ ਨਹੀਂ ਹੋਇਆ ਹੈ। ਇੰਗਲੈਂਡ ਖਿਲਾਫ ਹਫੀਜ਼, ਬਾਬਰ ਆਜ਼ਮ ਅਤੇ ਕਪਤਾਨ ਸਰਫਰਾਜ਼ ਅਹਿਮਦ ਨੇ ਅਰਧ ਸੈਂਕੜੇ ਬਣਾਏ ਸਨ। ਜਦਕਿ ਗੇਂਦਬਾਜ਼ੀ 'ਚ ਮੁਹੰਮਦ ਆਮਿਰ, ਵਹਾਬ ਰੀਆਜ਼ ਅਤੇ ਲੈੱਗ ਸਪਿਨਰ ਸ਼ਾਦਾਬ ਖਾਨ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸੇ ਕਾਰਨ ਅੱਜ ਹੋਣ ਵਾਲੇ ਮੈਚ 'ਚ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਨਜ਼ਰ ਰਹੇਗੀ। ਦੂਜੇ ਪਾਸੇ ਸ਼੍ਰੀਲੰਕਾ ਨੂੰ ਆਪਣੇ ਮਿਡਲ ਆਰਡਰ 'ਤੇ ਧਿਆਨ ਦੇਣਾ ਹੋਵੇਗਾ। ਨਿਊਜ਼ੀਲੈਂਡ ਖਿਲਾਫ ਟੀਮ ਨੇ 14 ਦੌੜਾਂ 'ਤੇ, ਜਦਕਿ ਅਫਗਾਨਿਸਤਾਨ ਖਿਲਾਫ 36 ਦੌੜਾਂ 'ਤੇ 5 ਵਿਕਟ ਗੁਆ ਦਿੱਤੇ ਸਨ। ਹਾਲਾਂਕਿ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਅਜੇ ਤੱਕ ਸੰਤੋਖਜਨਕ ਰਿਹਾ ਹੈ।
ਦੋਹਾਂ ਟੀਮਾਂ ਦੇ ਮੈਚਾਂ ਦੇ ਦਿਲਚਸਪ ਅੰਕੜੇ
1. ਦੋਹਾਂ ਟੀਮਾਂ ਵਿਚਾਲੇ 153 ਵਨ-ਡੇ ਮੈਚ ਹੋਏ ਹਨ। ਇਨ੍ਹਾਂ 153 ਮੈਚਾਂ 'ਚ 90 ਮੈਚਾਂ 'ਚ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਜਦਕਿ ਸ਼੍ਰੀਲੰਕਾ ਨੇ 58 ਮੈਚਾਂ 'ਚ ਜਿੱਤ ਦਰਜ ਕੀਤੀ ਹੈ 4 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ। ਇਕ ਮੈਚ ਟਾਈ ਰਿਹਾ।
2. ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ ਦੇ 7 ਮੁਕਾਬਲੇ ਹੋਏ ਹਨ। ਇਨ੍ਹਾਂ 7 ਮੁਕਾਬਲਿਆਂ ਨੂੰ ਪਾਕਿਸਤਾਨ ਨੇ ਜਿੱਤਿਆ ਜਦਕਿ ਸ਼੍ਰੀਲੰਕਾ ਇਕ ਮੈਚ ਵੀ ਜਿੱਤਣ 'ਚ ਅਸਫਲ ਰਿਹਾ।
3. ਜੇਕਰ ਗੱਲ ਕੀਤੀ ਜਾਵੇ ਵਨ ਡੇ ਦੇ ਆਖਰੀ ਪੰਜ ਮੁਕਾਬਲਿਆਂ ਦੀ ਤਾਂ ਇਨ੍ਹਾਂ ਪੰਜੇ ਮੁਕਾਬਲਿਆਂ 'ਚ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਹੈ।