ਇੰਗਲੈਂਡ ਨੇ ਪਾਕਿਸਤਾਨ ਦਾ 3-0 ਨਾਲ ਸੂਪੜਾ ਕੀਤਾ ਸਾਫ

Wednesday, Dec 21, 2022 - 11:20 AM (IST)

ਇੰਗਲੈਂਡ ਨੇ ਪਾਕਿਸਤਾਨ ਦਾ 3-0 ਨਾਲ ਸੂਪੜਾ ਕੀਤਾ ਸਾਫ

ਕਰਾਚੀ (ਭਾਸ਼ਾ)– ਇੰਗਲੈਂਡ ਨੇ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ 3 ਮੈਚਾਂ ਦੀ ਲੜੀ ਵਿਚ 3-0 ਨਾਲ ਕਲੀਨ ਸਵੀਪ ਕਰ ਲਿਆ। ਇੰਗਲੈਂਡ ਨੇ ਸਵੇਰੇ ਜਦੋਂ ਆਪਣੀ ਪਾਰੀ ਸ਼ੁਰੂ ਕੀਤੀ ਤਾਂ ਉਸ ਨੂੰ ਜਿੱਤ ਲਈ ਸਿਰਫ 55 ਦੌੜਾਂ ਦੀ ਲੋੜ ਸੀ। ਉਸ ਨੇ 38 ਮਿੰਟ ਵਿਚ ਹੀ ਆਪਣਾ ਸਕੋਰ 2 ਵਿਕਟਾਂ ’ਤੇ 170 ਦੌੜਾਂ ’ਤੇ ਪਹੁੰਚਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਹ ਪਹਿਲਾ ਮੌਕਾ ਹੈ ਜਦਕਿ ਪਾਕਿਸਤਾਨ ਨੂੰ ਆਪਣੀ ਧਰਤੀ ’ਤੇ 3 ਟੈਸਟ ਮੈਚਾਂ ਦੀ ਲੜੀ ਵਿਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਦੇ 18 ਸਾਲਾ ਰੇਹਾਨ ਅਹਿਮਦ (48 ਦੌੜਾਂ ’ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਦੀ ਦੂਜੀ ਪਾਰੀ 216 ਦੌੜਾਂ ’ਤੇ ਸਿਮਟ ਗਈ ਸੀ ਤੇ ਉਸ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 167 ਦੌੜਾਂ ਦਾ ਟੀਚਾ ਰੱਖਿਆ ਸੀ। ਬੇਨ ਡਕੇਟ ਨੇ 50 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਤੇ 78 ਗੇਂਦਾਂ ’ਤੇ 82 ਦੌੜਾਂ ਬਣਾ ਕੇ ਉਹ ਅਜੇਤੂ ਰਿਹਾ। ਉਸਦੇ ਨਾਲ ਕਪਤਾਨ ਬੇਨ ਸਟੋਕਸ 35 ਦੌੜਾਂ ਬਣਾ ਕੇ ਅਜੇਤੂ ਰਿਹਾ। ਇਸ ਤਰ੍ਹਾਂ ਨਾਲ ਇੰਗਲੈਂਡ ਨੇ ਲਗਾਤਾਰ ਦੂਜੇ ਟੈਸਟ ਮੈਚ ਵਿਚ ਇਕ ਿਦਨ ਤੋਂ ਵੀ ਵੱਧ ਸਮਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ। ਪਾਕਿਸਤਾਨ ਦਾ ਸਪਿਨਰ ਅਬਰਾਰ ਅਹਿਮਦ ਦੋ ਟੈਸਟ ਮੈਚਾਂ ਵਿਚ 18 ਵਿਕਟਾਂ ਹਾਸਲ ਕਰ ਲੈਂਦਾ ਪਰ ਜਦੋਂ ਇੰਗਲੈਂਡ ਟੀਚੇ ਤੋਂ 19 ਦੌੜਾਂ ਦੂਰ ਸੀ ਤਦ ਆਗਾ ਸਲਮਾਨ ਨੇ ਉਸਦੀ ਗੇਂਦ ’ਤੇ ਸਟੋਕਸ ਦਾ ਮੁਸ਼ਕਿਲ ਕੈਚ ਛੱਡ ਦਿੱਤਾ ਸੀ।

ਇੰਗਲੈਂਡ ਨੇ ਰਾਵਲਪਿੰਡੀ ਦੀ ਸਪਾਟ ਪਿੱਚ ’ਤੇ ਪਹਿਲਾ ਟੈਸਟ ਮੈਚ 74 ਦੌੜਾਂ ਨਾਲ ਜਿੱਤਿਆ ਸੀ ਜਦਕਿ ਮੁਲਤਾਨ ਵਿਚ ਦੂਜਾ ਟੈਸਟ ਉਸ ਨੇ 24 ਦੌੜਾਂ ਨਾਲ ਜਿੱਤ ਕੇ ਅਜੇਤੂ ਬੜ੍ਹਤ ਹਾਸਲ ਕੀਤੀ ਸੀ। ਨੈਸ਼ਨਲ ਸਟੇਡੀਅਮ ਨੂੰ ਪਾਕਿਸਤਾਨ ਦਾ ਕਿਲਾ ਮੰਨਿਆ ਜਾਂਦਾ ਹੈ ਪਰ ਰੇਹਾਨ ਬਟ ਨੇ ਤੀਜੇ ਦਿਨ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਸ ਵਿਚ ਸੰਨ੍ਹ ਲਗਾਈ ਜਦਕਿ ਜੈਕ ਕਰਾਊਲੀ (41) ਨੇ ਡਕੇਟ ਦੇ ਨਾਲ ਮਿਲ ਕੇ ਤੇਜ਼ਤਰਾਰ ਸ਼ੁਰੂਆਤ ਕੀਤੀ ਤੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਦਾ ਸਕੋਰ 2 ਵਿਕਟਾਂ ’ਤੇ 112 ਦੌੜਾਂ ਤਕ ਪਹੁੰਚਾਇਆ। ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ 45 ਟੈਸਟ ਮੈਚਾਂ ਵਿਚ ਪਾਕਿਸਤਾਨ ਦੀ ਇਹ ਸਿਰਫ ਤੀਜੀ ਤੇ ਪਿਛਲੇ 15 ਸਾਲਾਂ ਵਿਚ ਪਹਿਲੀ ਹਾਰ ਹੈ। ਇੰਗਲੈਂਡ ਪਹਿਲੀ ਟੀਮ ਸੀ, ਜਿਸ ਨੇ 2000 ਵਿਚ ਪਾਕਿਸਤਾਨ ਨੂੰ ਇੱਥੇ ਟੈਸਟ ਮੈਚ ਵਿਚ ਹਰਾਇਆ ਸੀ। ਇਸ ਦੇ ਸੱਤ ਸਾਲ ਬਾਅਦ ਦੱਖਣੀ ਅਫਰੀਕਾ ਨੇ ਨੈਸ਼ਨਲ ਸਟੇਡੀਅਮ ਵਿਚ ਜਿੱਤ ਦਰਜ ਕੀਤੀ ਸੀ। ਪਾਕਿਸਤਾਨ ਨੇ ਘਰੇਲੂ ਧਰਤੀ ’ਤੇ ਲਗਾਤਾਰ ਚੌਥਾ ਟੈਸਟ ਮੈਚ ਗੁਆਇਆ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਉਸ ਨੂੰ ਦੋ ਮੈਚਾਂ ਦੀ ਲੜੀ ਦੇ ਆਖਰੀ ਮੈਚ ਵਿਚ ਹਰਾ ਕੇ 1-0 ਨਾਲ ਲੜੀ ਜਿੱਤੀ ਸੀ। ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ਵਿਚ 304 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਇੰਗਲੈਂਡ ਨੇ ਆਪਣੇ ਹਮਲਾਵਰ ਰਵੱਈਏ ਦੇ ਕਾਰਨ ਇਸ ਲੜੀ ਵਿਚ ਕਲੀਨ ਸਵੀਪ ਕੀਤੀ। ਉਸਦੇ ਬੱਲੇਬਾਜ਼ ਹੈਰੀ ਬਰੂਕ ਨੇ ਤਿੰਨੇ ਟੈਸਟ ਮੈਚਾਂ ਵਿਚ ਸੈਂਕੜੇ ਲਾਏ। ਉਸ ਨੇ ਤਿੰਨ ਮੈਚਾਂ ਵਿਚ 468 ਦੌੜਾਂ ਬਣਾਈਆਂ ਤੇ ਉਸ ਨੂੰ ਲੜੀ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।
 


author

cherry

Content Editor

Related News