U19 Asia Cup : ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 282 ਦੌੜਾਂ ਦਾ ਟੀਚਾ ਦਿੱਤਾ
Saturday, Nov 30, 2024 - 03:29 PM (IST)
ਦੁਬਈ- ਸਲਾਮੀ ਬੱਲੇਬਾਜ਼ ਸ਼ਾਹਜੈਬ ਖਾਨ (159) ਦੀ ਤੂਫਾਨੀ ਸੈਂਕੜੇ ਵਾਲੀ ਪਾਰੀ ਅਤੇ ਉਸਮਾਨ ਖਾਨ (60) ਦੇ ਨਾਲ 160 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਪਾਕਿਸਤਾਨ ਦੀ ਅੰਡਰ-19 ਟੀਮ ਨੇ ਏਸ਼ੀਆ ਕੱਪ ਦੇ ਗਰੁੱਪ ਸੀ ਮੈਚ 'ਚ ਭਾਰਤ ਖਿਲਾਫ 50 ਓਵਰਾਂ 'ਚ ਸੱਤ ਵਿਕਟਾਂ 'ਤੇ 281 ਦੌੜਾਂ ਬਣਾਈਆਂ। ਸ਼ਾਹਜ਼ੈਬ ਅੱਜ ਪੂਰੇ ਫਾਰਮ 'ਚ ਨਜ਼ਰ ਆਇਆ ਅਤੇ ਇਕ ਸਿਰੇ 'ਤੇ ਦਲੇਰੀ ਨਾਲ ਖੇਡਿਆ ਅਤੇ ਭਾਰਤੀ ਗੇਂਦਬਾਜ਼ਾਂ ਦਾ ਸਾਹਸ ਨਾਲ ਸਾਹਮਣਾ ਕੀਤਾ। ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ ਉਸ ਨੇ 147 ਗੇਂਦਾਂ ਖੇਡੀਆਂ ਅਤੇ ਦਸ ਛੱਕੇ ਤੇ ਪੰਜ ਚੌਕੇ ਲਾਏ। ਸਮਰਥ ਨਾਗਰਾਜ ਨੇ ਪਾਕਿਸਤਾਨ ਦੀ ਪਾਰੀ ਦੇ ਆਖਰੀ ਓਵਰ ਵਿੱਚ ਉਸ ਨੂੰ ਆਪਣਾ ਸ਼ਿਕਾਰ ਬਣਾਇਆ।
ਉਸਮਾਨ ਨੇ ਆਪਣੇ ਸਲਾਮੀ ਜੋੜੀਦਾਰ ਦਾ ਚੰਗਾ ਸਾਥ ਦਿੱਤਾ ਪਰ ਉਸ ਦੇ ਆਊਟ ਹੋਣ ਤੋਂ ਬਾਅਦ ਹੋਰ ਬੱਲੇਬਾਜ਼ ਆਪਣੀ ਟੀਮ ਲਈ ਕੋਈ ਖਾਸ ਯੋਗਦਾਨ ਨਹੀਂ ਦੇ ਸਕੇ। ਭਾਰਤੀ ਗੇਂਦਬਾਜ਼ ਇਕ ਤੋਂ ਬਾਅਦ ਇਕ ਪਾਕਿਸਤਾਨੀ ਬੱਲੇਬਾਜ਼ਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਸਨ ਜਦਕਿ ਸ਼ਾਹਜ਼ੈਬ ਦੂਜੇ ਸਿਰੇ ਤੋਂ ਉਨ੍ਹਾਂ ਨੂੰ ਕੁੱਟ ਰਹੇ ਸਨ। ਸ਼ਾਹਜ਼ੈਬ ਅਤੇ ਉਸਮਾਨ ਤੋਂ ਇਲਾਵਾ ਮੁਹੰਮਦ ਰਿਆਜ਼ੁੱਲਾ (27) ਨੇ ਆਪਣੇ ਨਿੱਜੀ ਸਕੋਰ ਨੂੰ ਦੋ ਅੰਕਾਂ ਤੱਕ ਲੈ ਜਾਣ ਦੀ ਹਿੰਮਤ ਦਿਖਾਈ। ਭਾਰਤ ਵੱਲੋਂ ਨਾਗਰਾਜ ਨੇ 45 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਆਯੂਸ਼ ਮਹਾਤਰਾ ਨੇ ਦੋ ਵਿਕਟਾਂ ਹਾਸਲ ਕੀਤੀਆਂ। ਬਾਕੀ ਦੋ ਵਿਕਟਾਂ ਯੁੱਧਜੀਤ ਗੁਹਾ ਅਤੇ ਕਿਰਨ ਚੋਰਮਾਲੇ ਨੇ ਲਈਆਂ।