ਕਾਮਨਵੈਲਥ ਗੇਮਜ਼ 'ਚ ਪਾਕਿ ਸ਼ਰਮਸਾਰ! ਹੋਟਲ 'ਚ ਪਾਸਪੋਰਟ ਛੱਡ ਫਰਾਰ ਹੋਇਆ ਬਾਕਸਰ ਕੁਦਰਤੁੱਲਾ

Tuesday, Aug 04, 2026 - 06:19 PM (IST)

ਕਾਮਨਵੈਲਥ ਗੇਮਜ਼ 'ਚ ਪਾਕਿ ਸ਼ਰਮਸਾਰ! ਹੋਟਲ 'ਚ ਪਾਸਪੋਰਟ ਛੱਡ ਫਰਾਰ ਹੋਇਆ ਬਾਕਸਰ ਕੁਦਰਤੁੱਲਾ

ਗਲਾਸਗੋ : ਗਲਾਸਗੋ ਕਾਮਨਵੈਲਥ ਗੇਮਜ਼ ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਪਾਕਿਸਤਾਨੀ ਖੇਡ ਜਗਤ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦਾ ਕਿਸ਼ੋਰ ਬਾਕਸਰ ਕੁਦਰਤੁੱਲਾ ਟੀਮ ਹੋਟਲ ਤੋਂ ਰਹੱਸਮਈ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਇਸ ਘਟਨਾ ਨੇ ਪਾਕਿਸਤਾਨ ਬਾਕਸਿੰਗ ਫੈਡਰੇਸ਼ਨ ਦੇ ਪ੍ਰਬੰਧਾਂ 'ਤੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਪਾਕਿਸਤਾਨ ਪੂਰੀ ਦੁਨੀਆ ਸਾਹਮਣੇ ਸ਼ਰਮਸਾਰ ਹੋ ਗਿਆ ਹੈ। 

ਪਾਸਪੋਰਟ ਅਤੇ ਸਮਾਨ ਹੋਟਲ ਵਿੱਚ ਹੀ ਛੱਡਿਆ 
ਕੁਇਟਾ ਦੇ ਰਹਿਣ ਵਾਲੇ ਕੁਦਰਤੁੱਲਾ ਨੂੰ ਆਖਰੀ ਵਾਰ ਐਤਵਾਰ ਤੜਕੇ 2 ਵਜੇ ਹੋਟਲ ਦੇ ਕਮਰੇ ਵਿੱਚ ਦੇਖਿਆ ਗਿਆ ਸੀ। ਸਵੇਰੇ 9 ਵਜੇ ਜਦੋਂ ਪੂਰੀ ਟੀਮ ਲਾਬੀ ਵਿੱਚ ਇਕੱਠੀ ਹੋਈ, ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਦਾ ਪਾਸਪੋਰਟ ਅਤੇ ਵਾਪਸੀ ਦੀ ਹਵਾਈ ਟਿਕਟ ਅਜੇ ਵੀ ਟੀਮ ਮੈਨੇਜਰ ਦੇ ਕਬਜ਼ੇ ਵਿੱਚ ਹੈ। ਬਾਕਸਰ ਆਪਣਾ ਸਾਰਾ ਨਿੱਜੀ ਸਮਾਨ ਅਤੇ ਕੱਪੜੇ ਵੀ ਕਮਰੇ ਵਿੱਚ ਹੀ ਛੱਡ ਗਿਆ ਹੈ। ਸੂਤਰਾਂ ਅਨੁਸਾਰ, ਉਸਨੇ ਆਪਣੀ ਤੈਅ ਫਲਾਈਟ ਤੋਂ ਕਰੀਬ 6 ਘੰਟੇ ਪਹਿਲਾਂ ਲਾਪਤਾ ਹੋ ਕੇ ਜਾਣਬੁੱਝ ਕੇ ਬ੍ਰਿਟੇਨ ਵਿੱਚ ਰੁਕਣ ਦੀ ਕੋਸ਼ਿਸ਼ ਕੀਤੀ ਹੈ।

ਪਾਕਿਸਤਾਨੀ ਬਾਕਸਰਾਂ ਦਾ ਗਾਇਬ ਹੋਣ ਦਾ ਪੁਰਾਣਾ ਇਤਿਹਾਸ 
ਪਾਕਿਸਤਾਨੀ ਬਾਕਸਰਾਂ ਦਾ ਵਿਦੇਸ਼ੀ ਦੌਰਿਆਂ ਦੌਰਾਨ ਇਸ ਤਰ੍ਹਾਂ ਗਾਇਬ ਹੋਣਾ ਕੋਈ ਨਵੀਂ ਗੱਲ ਨਹੀਂ ਹੈ। 2022 ਬਰਮਿੰਘਮ ਕਾਮਨਵੈਲਥ ਗੇਮਜ਼ ਸਮੇਂ ਵੀ ਸੁਲੇਮਾਨ ਬਲੋਚ ਅਤੇ ਨਜ਼ੀਰੁੱਲਾ ਖਾਨ ਨਾਮ ਦੇ ਦੋ ਬਾਕਸਰ ਗਾਇਬ ਹੋ ਗਏ ਸਨ। 2024 ਇਟਲੀ ਓਲੰਪਿਕ ਕੁਆਲੀਫਾਇਰ ਵਿਚ ਏਸ਼ੀਅਨ ਗੋਲਡ ਮੈਡਲਿਸਟ ਜ਼ੋਹੈਬ ਰਸ਼ੀਦ 'ਤੇ ਆਪਣੇ ਸਾਥੀ ਦੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਲੱਗਾ ਸੀ, ਜਿਸ ਤੋਂ ਬਾਅਦ ਉਹ ਵੀ ਲਾਪਤਾ ਹੋ ਗਿਆ ਸੀ।

ਪਾਕਿਸਤਾਨ ਦੀ ਮੁਹਿੰਮ 'ਤੇ ਪਿਆ ਅਸਰ
ਗਲਾਸਗੋ ਵਿੱਚ ਪਾਕਿਸਤਾਨ ਦਾ ਪ੍ਰਦਰਸ਼ਨ ਪਹਿਲਾਂ ਹੀ ਨਿਰਾਸ਼ਾਜਨਕ ਰਿਹਾ ਹੈ। 36 ਮੈਂਬਰੀ ਪਾਕਿਸਤਾਨੀ ਦਲ ਸਿਰਫ਼ ਇੱਕ ਕਾਂਸੀ ਦਾ ਤਗਮਾ (ਜੋ ਕਿ ਮਹਿਲਾ ਬਾਕਸਰ ਫਾਤਿਮਾ ਜ਼ੇਹਰਾ ਨੇ ਜਿੱਤਿਆ) ਲੈ ਕੇ ਵਾਪਸ ਪਰਤ ਰਿਹਾ ਹੈ। ਇਸ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਵਿਚਕਾਰ ਕੁਦਰਤੁੱਲਾ ਦੇ ਲਾਪਤਾ ਹੋਣ ਦੇ ਮਾਮਲੇ ਨੇ ਫੈਡਰੇਸ਼ਨ ਲਈ ਨਵੀਂਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।


author

Tarsem Singh

Content Editor

Related News