ਪਾਕਿਸਤਾਨ ਨੇ ਯੂ. ਏ. ਈ. ਨੂੰ 69 ਦੌੜਾਂ ਨਾਲ ਹਰਾਇਆ

Tuesday, Dec 03, 2024 - 12:17 PM (IST)

ਪਾਕਿਸਤਾਨ ਨੇ ਯੂ. ਏ. ਈ. ਨੂੰ 69 ਦੌੜਾਂ ਨਾਲ ਹਰਾਇਆ

ਦੁਬਈ– ਸ਼ਾਹਜੇਬ ਖਾਨ (132) ਤੇ ਮੁਹੰਮਦ ਰਿਆਜ਼ੁਉੱਲ੍ਹਾ (106) ਦੇ ਬਿਹਤਰੀਨ ਸੈਂਕੜਿਆਂ ਤੋਂ ਬਾਅਦ ਅਬਦੁੱਲ ਸੁਭਾਨ (6 ਵਿਕਟਾਂ) ਦੀ ਦਮਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਸੋਮਵਾਰ ਨੂੰ ਅੰਡਰ-19 ਏਸ਼ੀਆ ਕੱਪ ਦੇ ਗਰੁੱਪ-ਏ ਦੇ 7ਵੇਂ ਮੈਚ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 69 ਦੌੜਾਂ ਨਾਲ ਹਰਾ ਦਿੱਤਾ। 315 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂ. ਏ. ਈ. ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ 57 ਦੌੜਾਂ ਤੱਕ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਸਨ।

ਇਸ ਤੋਂ ਬਾਅਦ ਐਥਨ ਡਿਸੂਜਾ (84) ਤੇ ਮੁਹੰਮਦ ਰਿਆਨ (50) ਨੇ ਪਾਰੀ ਨੂੰ ਸੰਭਾਲਿਆ। ਦੋਵੇਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਯੂ. ਏ. ਈ. ਦੀ ਪੂਰੀ ਟੀਮ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ ’ਤੇ 245 ਦੌੜਾਂ ਹੀ ਬਣਾ ਸਕੀ ਤੇ 59 ਦੌੜਾਂ ਨਾਲ ਮੁਕਾਬਲਾ ਹਾਰ ਗਈ।

ਇਸ ਤੋਂ ਪਹਿਲਾਂ ਪਾਕਿਸਤਾਨ ਦੀ ਉਸਮਾਨ ਖਾਨ ਤੇ ਸ਼ਾਹਜੇਬ ਖਾਨ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 94 ਦੌੜਾਂ ਜੋੜੀਆਂ। 20ਵੇਂ ਓਵਰ ਵਿਚ ਓਦਿਸ਼ਾ ਸੂਸਰੀ ਨੇ ਉਸਮਾਨ ਖਾਨ (41) ਨੂੰ ਆਊਟ ਕਰ ਕੇ ਯੂ. ਏ. ਈ. ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮੁਹੰਮਦ ਰਿਆਜ਼ਉੱਲ੍ਹਾ (106) ਨੇ ਸ਼ਾਹਜ਼ੇਬ ਖਾਨ (132) ਨਾਲ ਦੂਜੀ ਵਿਕਟ ਲਈ 183 ਦੌੜਾਂ ਜੋੜੀਆਂ। 46ਵੇਂ ਓਵਰ ਵਿਚ ਨੂਰਉੱਲ੍ਹਾ ਅਯੋਬੀ ਨੇ ਸ਼ਾਹਜੇਬ ਖਾਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਪਾਕਿਸਤਾਨ ਦੀ ਤੀਜੀ ਵਿਕਟ ਮੁਹੰਮਦ ਰਿਆਜ਼ਉੱਲ੍ਹਾ ਦੇ ਰੂਪ ਵਿਚ ਮੈਚ ਦੀ ਆਖਰੀ ਗੇਂਦ ’ਤੇ ਡਿੱਗੀ। ਉਸ ਨੂੰ ਵੀ ਨੂਰਉੱਲ੍ਹਾ ਅਯੋਬੀ ਨੇ ਆਊਟ ਕੀਤਾ। ਫਹਾਮ ਉਲ ਹੱਕ 20 ਦੌੜਾਂ ਬਣਾ ਕੇ ਅਜੇਤੂ ਰਿਹਾ। ਪਾਕਿਸਤਾਨ ਨੇ ਨਿਰਧਾਰਿਤ 50 ਓਵਰਾਂ ਵਿਚ 3 ਵਿਕਟਾਂ ’ਤੇ 314 ਦੌੜਾਂ ਬਣਾਈਆਂ।


author

Tarsem Singh

Content Editor

Related News