ਪਾਕਿਸਤਾਨ ਨੇ ਸ਼੍ਰੀਲੰਕਾ ਵਿਰੁੱਧ ਵਨਡੇ ਸੀਰੀਜ਼ 3-0 ਨਾਲ ਕੀਤੀ ਆਪਣੇ ਨਾਂ
Tuesday, Nov 18, 2025 - 10:22 AM (IST)
ਸਪੋਰਟਸ ਡੈਸਕ- ਪਾਕਿਸਤਾਨ ਨੇ ਆਖ਼ਰੀ ਵਨਡੇ ਮੈਚ ਵਿੱਚ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਸ੍ਰੀਲੰਕਾ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ਵਿੱਚ ਮੁੜ ਅਸਫਲ ਰਹੇ ਅਤੇ ਟੀਮ 45.2 ਓਵਰਾਂ ਵਿੱਚ 211 ਦੌੜਾਂ ’ਤੇ ਆਊਟ ਹੋ ਗਈ। ਸਦੀਰਾ ਸਮਰਾਵਿਕਰਮਾ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਪਤਾਨ ਕੁਸਲ ਮੈਂਡਿਸ ਨੇ 34 ਦੌੜਾਂ ਅਤੇ ਪਵਨ ਰਤਨਾਇਕੇ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਲਈ ਮੁਹੰਮਦ ਵਸੀਮ ਨੇ ਤਿੰਨ ਵਿਕਟਾਂ ਲਈਆਂ।
ਪਾਕਿਸਤਾਨ ਨੇ 44.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 215 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਮੁਹੰਮਦ ਰਿਜ਼ਵਾਨ (ਨਾਬਾਦ 61 ਦੌੜਾਂ) ਅਤੇ ਫਖ਼ਰ ਜ਼ਮਾਨ (55 ਦੌੜਾਂ) ਨੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜੇ ਜੜੇ। ਬਾਬਰ ਆਜ਼ਮ ਨੇ ਵੀ 34 ਦੌੜਾਂ ਬਣਾਈਆਂ। ਹੁਸੈਨ ਤਲਤ 42 ਦੌੜਾਂ ਬਣਾ ਕੇ ਨਾਬਾਦ ਰਿਹਾ। ਪਾਕਿਸਤਾਨ ਨੇ ਪਹਿਲਾ ਵਨਡੇ ਮੈਚ ਛੇ ਦੌੜਾਂ ਅਤੇ ਦੂਜਾ ਅੱਠ ਵਿਕਟਾਂ ਨਾਲ ਜਿੱਤਿਆ ਸੀ। ਦੋਵੇਂ ਟੀਮਾਂ ਹੁਣ ਤਿਕੋਣੀ ਲੜੀ ਵਿੱਚ ਹਿੱਸਾ ਲੈਣਗੀਆਂ, ਜਿਸ ਵਿੱਚ ਤੀਜੀ ਟੀਮ ਜ਼ਿੰਬਾਬਵੇ ਹੈ।
