ਪੇਸ ਤੇ ਅਮ੍ਰਿਤਰਾਜ ਟੈਨਿਸ ਹਾਲ ਆਫ ਫੇਮ ’ਚ ਸ਼ਾਮਲ
Sunday, Jul 21, 2024 - 05:58 PM (IST)
ਨਿਊਪੋਰਟ (ਅਮਰੀਕਾ)– ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲੀਏਂਡਰ ਪੇਸ ਤੇ ਵਿਜੇ ਅਮ੍ਰਿਤਰਾਜ ਨੂੰ ਐਤਵਾਰ ਨੂੰ ‘ਟੈਨਿਸ ਹਾਲ ਆਫ ਫੇਮ’ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਇਸ ਸੂਚੀ ਵਿਚ ਜਗ੍ਹਾ ਬਣਾਉਣ ਵਾਲੇ ਏਸ਼ੀਆ ਦੇ ਪਹਿਲੇ ਦੋ ਖਿਡਾਰੀ ਬਣ ਗਏ ਹਨ। ਪੇਸ ਦੀ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ 1996 ਅਟਲਾਂਟਾ ਓਲੰਪਿਕ ਖੇਡਾਂ ਦੇ ਪੁਰਸ਼ ਸਿੰਗਲਜ਼ ਕਾਂਸੀ ਤਮਗਾ ਜਿੱਤਣਾ ਰਿਹਾ ਹੈ। ਇਹ 51 ਸਾਲਾ ਸਾਬਕਾ ਖਿਡਾਰੀ ਪੁਰਸ਼ ਡਬਲਜ਼ ਤੇ 10 ਮਿਕਸਡ ਡਬਲਜ਼ ਗ੍ਰੈਂਡ ਸਲੈਮ ਖਿਤਾਬ ਹਾਸਲ ਕਰਨ ਦੇ ਨਾਲ ਹੀ ਭਾਰਤ ਦੀ ਡੇਵਿਸ ਕੱਪ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਿਹਾ ਹੈ। ਉਸ ਨੂੰ ‘ਹਾਲ ਆਫ ਫੇਮ’ ਦੀ ‘ਪਲੇਅਰ ਕੈਟੇਗਰੀ’ ਵਿਚ ਜਗ੍ਹਾ ਦਿੱਤੀ ਗਈ।
ਅਮ੍ਰਿਤਰਾਜ ਵਿੰਬਲਡਨ ਤੇ ਅਮਰੀਕਾ ਓਪਨ ਵਿਚ 2-2ਵਾਰ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪਹੁੰਚਿਆ ਹੈ। ਇਸ 70 ਸਾਲਾ ਖਿਡਾਰੀ ਨੇ ਭਾਰਤ ਨੂੰ ਦੋ ਵਾਰ 1974 ਤੇ 1987 ਵਿਚ ਡੇਵਿਸ ਕੱਪ ਫਾਈਨਲ ਵਿਚ ਪਹੁੰਚਿਆ ਹੈ। ਉਹ ਆਪਣੀ ਖੇਡ ਦੇ ਚੋਟੀ ’ਤੇ ਸਿੰਗਲਜ਼ ਰੈਂਕਿੰਗ ਵਿਚ 18ਵੇਂ ਤੇ ਡਬਲਜ਼ ਰੈਂਕਿੰਗ ਵਿਚ 23ਵੇਂ ਸਥਾਨ ’ਤੇ ਰਿਹਾ ਹੈ। ਉਸ ਨੂੰ ਰਿਚਰਡ ਇਵਾਂਸ ਦੇ ਨਾਲ ‘ਕੰਟ੍ਰੀਬਿਊਟਰਸ ਸ਼ੇਣੀ’ ਵਿਚ ਹਾਲ ਆਫ ਫੇਮ’ ਵਿਚ ਸ਼ਾਮਲ ਕੀਤਾ ਗਿਆ ਸੀ।
ਅਮ੍ਰਿਤਰਾਜ 1970 ਵਿਚ ਏ. ਟੀ. ਪੀ. ਟੂਰ ’ਤੇ ਗਿਆ ਸੀ। ਉਹ ਅਗਲੇ ਕਈ ਸਾਲਾਂ ਤਕ ਭਾਰਤ ਦੀ ਡੇਵਿਸ ਕੱਪ ਟੀਮ ਦਾ ਪ੍ਰਮੁੱਖ ਖਿਡਾਰੀ ਰਿਹਾ ਹੈ। ਅਮ੍ਰਿਤਰਾਜ ਡੇਵਿਸ ਕੱਪ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੋ ਭਾਰਤੀ ਟੀਮਾਂ ਦਾਦ ਪ੍ਰਮੁੱਖ ਮੈਂਬਰ ਸੀ। ਉਹ ਉਸ ਟੀਮ ਦਾ ਹਿੱਸਾ ਸੀ ਜਿਸ ਨੇ 1974 ਵਿਚ ਦੇਸ਼ ਦੀ ਰੰਗ-ਭੇਦ ਨੀਤੀ ਕਾਰਨ ਦੱਖਣੀ ਅਫਰੀਕਾ ਵਿਰੁੱਧ ਨਾ ਖੇਡਣ ਦਾ ਫੈਸਲਾ ਕੀਤਾ ਸੀ। ਉਸਦੀ ਮੌਜੂਦਗੀ ਵਿਚ ਟੀਮ 1987 ਵਿਚ ਵੀ ਫਾਈਨਲ ਪਹੁੰਚੀ ਸੀ ਪਰ ਉਸ ਨੂੰ ਸਵੀਨ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ।