ਰਾਜਗੀਰ ’ਚ ਸਾਡੀ ਟੀਮ ਸਰਵੋਤਮ ਪ੍ਰਦਰਸ਼ਨ ਕਰੇਗੀ : ਹਰਮਨਪ੍ਰੀਤ ਸਿੰਘ
Tuesday, Aug 26, 2025 - 03:15 PM (IST)

ਰਾਜਗੀਰ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਟੀਮ ਕਿਸੇ ਵੀ ਟੀਮ ਨੂੰ ਹਲਕੇ ਵਿਚ ਨਹੀਂ ਲੈ ਰਹੀ ਹੈ, ਟੀਮ ਟੂਰਨਾਮੈਂਟ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗੀ।
ਅੱਜ ਇੱਥੇ ਏਸ਼ੀਆ ਕੱਪ-2025 ਲਈ ਭਾਰਤੀ ਪੁਰਸ਼ ਹਾਕੀ ਟੀਮ ਦੇ ਬਿਹਾਰ ਦੇ ਰਾਜਗੀਰ ਪਹੁੰਚਣ ’ਤੇ ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਅਸੀਂ ਬਿਹਾਰ ਵਿਚ ਪਹਿਲਾਂ ਕਦੇ ਨਹੀਂ ਖੇਡੇ ਤੇ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਰਾਜਗੀਰ ਇਕ ਸਾਲ ਦੇ ਅੰਦਰ ਹੀ ਆਪਣੇ ਦੂਜੇ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਖੇਡ ਨੂੰ ਸਮਰਥਨ ਦੇਣ ਦਾ ਸਰਕਾਰ ਦਾ ਇਰਾਦਾ ਦਰਸਾਉਂਦਾ ਹੈ ਤੇ ਅਸੀਂ ਪੂਰੇ ਟੂਰਨਾਮੈਂਟ ਦੌਰਾਨ ਇੱਥੇ ਹਾਕੀ ਪ੍ਰਸ਼ੰਸਕਾਂ ਦੇ ਪਿਆਰ ਤੇ ਸਮਰਥਨ ਦੀ ਉਡੀਕ ਕਰ ਰਹੇ ਹਾਂ।’’
ਉਸ ਨੇ ਕਿਹਾ ਕਿ ਭਾਰਤ ਨੇ ਜਕਾਰਤਾ ਵਿਚ ਆਯੋਜਿਤ ਪਿਛਲੇ ਸੈਸ਼ਨ ਵਿਚ ਕਾਂਸੀ ਤਮਗਾ ਜਿੱਤਿਆ ਸੀ, ਜਿੱਥੇ 15 ਨਵੇਂ ਖਿਡਾਰੀਆਂ ਵਾਲੀ ਇਕ ਨੌਜਵਾਨ ਟੀਮ ਨੇ ਪੋਡੀਅਮ ’ਤੇ ਸਥਾਨ ਹਾਸਲ ਕਰ ਕੇ ਆਪਣੀ ਮੁਹਿੰਮ ਵਿਚ ਜਜ਼ਬਾ ਦਿਖਾਇਆ ਸੀ। ਹਾਲਾਂਕਿ, ਇਸ ਵਾਰ ਵਿਸ਼ਵ ਕੱਪ ਕੁਆਲੀਫਿਕੇਸ਼ਨ ਦਾਅ ’ਤੇ ਹੋਣ ਦੇ ਕਾਰਨ ਸਾਡੀ ਸਰਵੋਤਮ ਟੀਮ ਇੱਥੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।
ਭਾਰਤ ਨੂੰ ਪੂਲ-ਏ ਵਿਚ ਜਾਪਾਨ, ਚੀਨ ਤੇ ਕਜ਼ਾਕਿਸਤਾਨ ਦੇ ਨਾਲ ਰੱਖਿਆ ਗਿਆ ਹੈ ਜਦਕਿ ਪੂਲ-ਬੀ ਵਿਚ ਮਲੇਸ਼ੀਆ, ਕੋਰੀਆ, ਬੰਗਲਾਦੇਸ਼ ਤੇ ਚੀਨੀ ਤਾਈਪੇ ਸ਼ਾਮਲ ਹਨ।