ਮੈਡੀਸਨ ਨੂੰ ਹਰਾ ਕੇ ਓਸਾਕਾ ਫਾਈਨਲ ''ਚ
Saturday, Sep 08, 2018 - 02:22 AM (IST)

ਨਿਊਯਾਰਕ— ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੇ ਉਪ-ਜੇਤੂ ਅਤੇ ਮਹਿਲਾਵਾਂ ਦੇ ਡਰਾਅ ਵਿਚ ਬਚੀ ਚੋਟੀ ਦਾ ਦਰਜਾ ਪ੍ਰਾਪਤ ਅਮਰੀਕਾ ਦੀ ਮੈਡੀਸਨ ਕੀਜ਼ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ। ਹੁਣ ਉਹ ਖਿਤਾਬ ਲਈ ਆਪਣੀ ਆਦਰਸ਼ ਅਤੇ ਸਾਬਕਾ ਨੰਬਰ ਵਨ ਸੇਰੇਨਾ ਵਿਲੀਅਮਸ ਨਾਲ ਭਿੜੇਗੀ।
20 ਸਾਲ ਦੀ ਓਸਾਕਾ ਨੇ ਮੈਡੀਸਨ ਨੂੰ ਮਹਿਲਾ ਸਿੰਗਲਜ਼ ਸੈਮੀਫਾਈਨਲ 'ਚ ਲਗਾਤਾਰ ਸੈੱਟਾਂ ਵਿਚ 6-2, 6-4 ਨਾਲ ਹਰਾਉਂਦੇ ਹੋਏ ਫਾਈਨਲ 'ਚ ਜਗ੍ਹਾ ਬਣਾਈ। ਉਹ ਇਸ ਦੇ ਨਾਲ ਹੀ ਪਹਿਲੀ ਜਾਪਾਨੀ ਖਿਡਾਰਨ ਵੀ ਬਣ ਗਈ ਹੈ, ਜਿਸ ਨੇ ਗ੍ਰੈਂਡ ਸਲੈਮ ਦੇ ਸਿੰਗਲਜ਼ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।
ਮਹਿਲਾ ਸਿੰਗਲਜ਼ 'ਚ ਸਾਰੇ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀਆਂ ਦੇ ਸ਼ੁਰੂਆਤੀ ਰਾਊਂਡ ਵਿਚ ਹਾਰ ਕੇ ਬਾਹਰ ਹੋਣ ਤੋਂ ਬਾਅਦ 14ਵੀਂ ਸੀਡ ਮੈਡੀਸਨ ਹੀ ਸਭ ਤੋਂ ਉੱਚ ਦਰਜਾ ਖਿਡਾਰਨ ਬਚੀ ਸੀ ਪਰ ਪਿਛਲੇ ਸਾਲ ਦੀ ਉਪ-ਜੇਤੂ ਇਸ ਵਾਰ ਓਸਾਕਾ ਖਿਲਾਫ ਕਮਾਲ ਨਹੀਂ ਦਿਖਾ ਸਕੀ।
ਉਸ ਨੇ ਮੈਡੀਸਨ ਦੀਆਂ ਸਾਰੀਆਂ 13 ਸਰਵਿਸ ਬ੍ਰੇਕ ਕਰਨ ਦੇ ਮੌਕੇ ਬੇਕਾਰ ਕੀਤੇ, ਜਦਕਿ ਆਪਣੇ ਹੱਥ ਆਏ 4 ਵਿਚੋਂ 3 ਬ੍ਰੇਕ ਅੰਕਾਂ ਨੂੰ ਕੈਸ਼ ਕਰਦੇ ਹੋਏ ਲਗਾਤਾਰ ਸੈੱਟਾਂ ਵਿਚ ਜਿੱਤ ਦਰਜ ਕੀਤੀ। ਜਾਪਾਨੀ ਖਿਡਾਰਨ ਨੇ ਇਸ ਸਾਲ ਇੰਡੀਅਨ ਵੇਲਸ ਵਿਚ ਆਪਣੇ ਕਰੀਅਰ ਦਾ ਪਹਿਲਾ ਖਿਤਾਬ ਜਿੱਤਿਆ ਸੀ ਪਰ ਪਿਛਲੇ 3 ਮੁਕਾਬਲਿਆਂ ਵਿਚ ਕਦੇ ਵੀ ਮੈਡੀਸਨ ਨੂੰ ਨਹੀਂ ਹਰਾ ਸਕੀ ਪਰ ਇਸ ਵਾਰ ਉਸ ਨੂੰ ਲਗਾਤਾਰ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪਿਆ।