ਫਿੱਟ ਅਤੇ ਸਿਹਤਮੰਦ ਰਹਿਣ ਲਈ ਇਕ ਘੰਟਾ ਖੇਡਣਾ ਚਾਹੀਦੈ : ਮਾਂਡਵੀਆ

Thursday, Aug 29, 2024 - 04:24 PM (IST)

ਫਿੱਟ ਅਤੇ ਸਿਹਤਮੰਦ ਰਹਿਣ ਲਈ ਇਕ ਘੰਟਾ ਖੇਡਣਾ ਚਾਹੀਦੈ : ਮਾਂਡਵੀਆ

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਕਿਹਾ ਕਿ ਫਿੱਟ ਅਤੇ ਸਿਹਤਮੰਦ ਰਹਿਣ ਲਈ ਹਰ ਇਕ ਨੂੰ ਇਕ ਘੰਟਾ ਖੇਡਣਾ ਚਾਹੀਦਾ ਹੈ | ਅੱਜ ਇੱਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਸ਼੍ਰੀ ਮਾਂਡਵੀਆ ਨੇ ਇਹ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨੇ ਮੇਜਰ ਧਿਆਨਚੰਦ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਕੇਂਦਰੀ ਖੇਡ ਮੰਤਰੀ ਨੇ ਫਿਟਨੈੱਸ ਅਤੇ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ, ''ਦੇਸ਼ ਦੇ ਨਾਗਰਿਕਾਂ ਨੂੰ ਫਿੱਟ ਅਤੇ ਸਿਹਤਮੰਦ ਰਹਿਣਾ ਚਾਹੀਦਾ ਹੈ। ਇਕ ਸਿਹਤਮੰਦ ਨਾਗਰਿਕ ਹੀ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਕਰਦਾ ਹੈ। 2047 ਵਿੱਚ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨ ਲਈ, ਹਰ ਨਾਗਰਿਕ ਦਾ ਤੰਦਰੁਸਤ ਅਤੇ ਫਿੱਟ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, “ਫਿੱਟ ਰਹਿਣ ਲਈ ਖੇਡਾਂ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਆਪਣੀ ਦਿਲਚਸਪੀ ਅਨੁਸਾਰ ਇੱਕ ਘੰਟਾ ਖੇਡਣਾ ਚਾਹੀਦਾ ਹੈ। ਮੈਂ ਅੱਜ ਇਕ ਘੰਟਾ ਫੁੱਟਬਾਲ ਖੇਡਾਂਗਾ।'' 
ਜ਼ਿਕਰਯੋਗ ਹੈ ਕਿ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਨ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਧਿਆਨਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਯਾਗਰਾਜ ਵਿੱਚ ਹੋਇਆ ਸੀ। ਉਨ੍ਹਾਂ ਨੂੰ ਹਾਕੀ ਦੇ ਜਾਦੂਗਰ ਵਜੋਂ ਵੀ ਜਾਣਿਆ ਜਾਂਦਾ ਹੈ।


author

Aarti dhillon

Content Editor

Related News