ਓਲੰਪਿਕ 2024 ਲਈ ਦੁਬਾਰਾ ਸਿਖਲਾਈ ਸ਼ੁਰੂ
Friday, Oct 30, 2020 - 04:52 PM (IST)
ਨਵੀਂ ਦਿੱਲੀ (ਵਾਰਤਾ) : ਓਲੰਪਿਕ 2024 ਦੀ ਤਿਆਰੀ ਕਰ ਰਹੇ 96 ਫ਼ੀਸਦੀ ਖਿਡਾਰੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਸਾਈ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (ਐਨ.ਸੀ.ਓ.ਈ.) ਅਤੇ ਸਬੰਧਤ ਕੇਂਦਰਾਂ ਵਿਚ ਸਿਖਲਾਈ ਲਈ ਪਹੁੰਚ ਗਏ ਹਨ। ਇਹ ਖਿਡਾਰੀ ਔਰੰਗਾਬਾਦ, ਭੋਪਾਲ, ਬੈਂਗਲੁਰੂ, ਦਿੱਲੀ, ਲਖਨਊ, ਰੋਹਤਕ ਅਤੇ ਸੋਨੀਪਤ ਵਿਚ ਸਿਖਲਾਈ ਲੈ ਰਹੇ ਹਨ। ਇਸ ਤੋਂ ਪਹਿਲਾਂ ਜਿਨ੍ਹਾਂ ਖਿਡਾਰੀਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ, ਉਨ੍ਹਾਂ ਨੂੰ ਫਿਰ ਤੋਂ ਐਨ.ਸੀ.ਓ.ਈ. ਅਤੇ ਐਸ.ਟੀ.ਸੀ. ਵਿਚ ਸਿਖਲਾਈ ਲਈ ਪੁੱਜਣ ਨੂੰ ਕਿਹਾ ਗਿਆ ਸੀ।
ਸਿਖਲਾਈ ਕੈਂਪ ਵਿਚ ਜੋ ਖਿਡਾਰੀ ਸ਼ਾਮਲ ਹੋ ਰਹੇ ਹਨ, ਉਨ੍ਹਾਂ ਲਈ ਕੋਵਿਡ-19 ਦੇ ਖ਼ਤਰੇ ਨੂੰ ਵੇਖਦੇ ਹੋਏ ਆਰ.ਟੀ.-ਪੀ.ਸੀ.ਆਰ. ਟੈਸਟ ਅਤੇ ਇਕਾਂਤਵਾਸ ਵਿਚ ਰਹਿਣਾ ਲਾਜ਼ਮੀ ਕੀਤਾ ਗਿਆ ਹੈ। ਕੁੱਝ ਖਿਡਾਰੀ ਅਜੇ ਤੁਰੰਤ ਸਿਖਲਾਈ ਕੈਂਪ ਵਿਚ ਸ਼ਾਮਲ ਨਹੀਂ ਹੋ ਸਕੇ, ਉਹ ਦੀਵਾਲੀ ਦੇ ਬਾਅਦ ਉੱਥੇ ੁਪਹੁੰਚਣਗੇ। ਜੋ ਖਿਡਾਰੀ ਇਕ ਵਾਰ ਐਨ.ਸੀ.ਓ.ਈ. ਦੇ ਬਾਇਓ ਬਬਲ ਵਿਚ ਪਹੁੰਚ ਜਾਣਗੇ, ਉਹ ਫਿਰ ਕੋਰੋਨਾ ਦੇ ਖ਼ਤਰੇ ਨੂੰ ਵੇਖਦੇ ਹੋਏ ਕੈਂਪ ਨੂੰ ਛੱਡ ਕੇ ਨਹੀਂ ਜਾ ਸਕਣਗੇ। ਇਸ ਲਈ ਖਿਡਾਰੀਆਂ ਨੂੰ ਇਹ ਬਦਲ ਦਿੱਤਾ ਗਿਆ ਸੀ ਕਿ ਜਾਂ ਤਾਂ ਉਹ 1 ਨਵੰਬਰ 2020 ਤੱਕ ਕੈਂਪ ਨਾਲ ਜੁੜ ਜਾਣ ਜਾਂ ਫਿਰ ਦੀਵਾਲੀ ਦੇ ਬਾਅਦ ਕੈਂਪ ਵਿਚ ਸ਼ਾਮਲ ਹੋਣ।
ਦੁਬਾਰਾ ਖੇਡ ਗਤੀਵਿਧੀਆਂ ਦੇ ਸ਼ੁਰੂ ਹੋਣ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ, 'ਟੋਕੀਓ ਜਾਣ ਵਾਲੇ ਖਿਡਾਰੀ ਪਹਿਲਾਂ ਤੋਂ ਸਿਖਲਾਈ ਲੈ ਰਹੇ ਹਨ, ਮੈਨੂੰ ਖੁਸ਼ੀ ਹੈ ਕਿ ਇਸ ਦੌਰ ਵਿਚ ਵੀ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੇ ਕੈਂਪ ਜੁਆਇੰਨ ਕਰ ਲਿਆ ਹੈ। ਖਿਡਾਰੀਆਂ ਦਾ ਇਹ ਕਦਮ ਇਸ ਗੱਲ ਨੂੰ ਵੀ ਸਾਬਤ ਕਰਦਾ ਹੈ ਕਿ ਸਾਈ ਵੱਲੋਂ ਸਿਖਲਾਈ ਦੌਰਾਨ ਤੈਅ ਕੀਤੇ ਗਏ ਸੁਰੱਖਿਆ ਦੇ ਪ੍ਰੋਟੋਕਾਲ 'ਤੇ ਖਿਡਾਰੀਆਂ ਨੂੰ ਪੂਰਾ ਭਰੋਸਾ ਹੈ। ਖਿਡਾਰੀਆਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਸਿਖਲਾਈ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।'