ਓਲੰਪਿਕ ਜਾਣ ਵਾਲੇ ਭਾਰਤ ਦੇ ਨਿਸ਼ਾਨੇਬਾਜ਼ਾਂ, ਕੋਚਾਂ, ਅਧਿਕਾਰੀਆਂ ਨੂੰ ਲੱਗੇ ਕੋਰੋਨਾ ਟੀਕੇ
Thursday, May 06, 2021 - 06:24 PM (IST)

ਨਵੀਂ ਦਿੱਲੀ (ਭਾਸ਼ਾ) : ਟੋਕੀਓ ਓਲੰਪਿਕ ਜਾਣ ਵਾਲੇ ਭਾਰਤ ਦੇ ਕਈ ਨਿਸ਼ਾਨੇਬਾਜ਼ਾਂ, ਕੋਚਾਂ ਅਤੇ ਅਧਿਕਾਰੀਆਂ ਨੇ ਵੀਰਵਾਰ ਨੂੰ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਈ। ਨਿਸ਼ਾਨੇਬਾਜ਼ਾਂ ਨੂੰ 11 ਮਈ ਨੂੰ ਯੂਰਪੀਅਨ ਚੈਂਪੀਅਨਸ਼ਿਪ ਲਈ ਕ੍ਰੋਟੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਟੀਕਾ ਲਗਵਾਉਣਾ ਸੀ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐਨ.ਆਰ.ਏ.ਆਈ.) ਸੂਤਰ ਨੇ ਕਿਹਾ, ‘ਸਾਰੇ ਨਿਸ਼ਾਨੇਬਾਜ਼ਾਂ ਨੂੰ ਅੱਜ ਟੀਕੇ ਲੱਗ ਗਏ। ਕੁੱਝ ਨੇ ਦਿੱਲੀ ਵਿਚ ਤਾਂ ਕੁੱਝ ਨੇ ਆਪਣੇ ਸ਼ਹਿਰ ਵਿਚ ਟੀਕੇ ਲਗਵਾਏ।’
ਭਾਰਤੀ ਟੀਮ ਦੇ ਕੁੱਝ ਮੈਂਬਰਾਂ ਨੇ ਪਿਛਲੇ ਮਹੀਨੇ ਹੀ ਟੀਕੇ ਦੀ ਪਹਿਲੀ ਡੋਜ਼ ਲੈ ਲਈ ਸੀ, ਜਿਸ ਵਿਚ ਮਨੁ ਭਾਕਰ ਅਤੇ ਅੰਜੁਮ ਮੁਦਗਿਲ ਸ਼ਾਮਲ ਸੀ। ਭਾਕਰ ਨੇ ਹਰਿਆਣਾ ਦੇ ਝੱਜਰ ਵਿਚ ਸਰਕਾਰੀ ਹਸਪਤਾਲ ਵਿਚ ਟੀਕਾ ਲਗਵਾਇਆ। ਕੋਚਾਂ ਵਿਚੋਂ ਸਮਰੇਸ਼ ਜੰਗ, ਸੁਮਾ ਸ਼ਿਰੂਰ ਅਤੇ ਦੀਪਾਲੀ ਦੇਸ਼ਪਾਂਡੇ ਨੇ ਪਿਛਲੇ ਮਹੀਨੇ ਟੀਕਾ ਲਗਵਾਇਆ। ਭਾਰਤੀ ਨਿਸ਼ਾਨੇਬਾਜ਼ 20 ਮਈ ਤੋਂ 6 ਜੂਨ ਤੱਕ ਯੂਰਪੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ ਅਤੇ ਜਗਰੇਬ ਤੋਂ ਸਿੱਧਾ ਟੋਕੀਓ ਰਵਾਨਾ ਹੋ ਜਾਣਗੇ।