ਮੈਰੀਕਾਮ ਤੇ ਪੰਘਲ ਸਮੇਤ 8 ਮੁੱਕੇਬਾਜ਼ਾਂ ਨੂੰ ਓਲੰਪਿਕ ਕੋਟਾ
Tuesday, Mar 10, 2020 - 12:05 AM (IST)
ਓਮਾਨ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿ. ਗ੍ਰਾ), ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਮਿਤ ਪੰਘਲ (52 ਕਿ. ਗ੍ਰਾ.), ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿ. ਗ੍ਰਾ.), ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਵਿਕਾਸ ਕ੍ਰਿਸ਼ਣਨ (69 ਕਿ. ਗ੍ਰਾ.), ਏਸ਼ੀਆਈ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਪੂਜਾ ਰਾਣੀ (75 ਕਿ.ਗ੍ਰਾ.) ਤੇ ਲਵਲੀਨਾ ਬੋਰਗੇਨਹੇਨ (69 ਕਿ. ਗ੍ਰਾ.) ਤੋਂ ਬਾਅਦ ਆਸ਼ੀਸ਼ ਕੁਮਾਰ (75 ਕਿ.ਗ੍ਰਾ.) ਤੇ ਸਤੀਸ਼ ਕੁਮਾਰ (91 ਕਿ. ਗ੍ਰਾ. ਪਲੱਸ) ਨੇ ਏਸ਼ੀਆ/ਓਸਨੀਆ ਓਲੰਪਿਕ ਕੁਆਲੀਫਾਇਰ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਤੇ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਦਾ ਕੋਟਾ ਸਥਾਨ ਹਾਸਲ ਕਰ ਲਿਆ।
ਇਸ ਤਰ੍ਹਾਂ ਭਾਰਤ ਦੇ 8 ਮੁੱਕੇਬਾਜ਼ਾਂ ਨੇ ਸੈਮੀਫਾਈਨਲ 'ਚ ਪਹੁੰਚ ਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਭਾਰਤ ਨੇ 2016 ਦੇ ਪਿਛਲੇ ਰੀਓ ਓਲੰਪਿਕ 'ਚ 6 ਕੋਟਾ ਸਥਾਨ ਹਾਸਲ ਕੀਤੇ ਸੀ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੈਕੀਕਾਮ ਨੇ ਸੋਮਵਾਰ ਨੂੰ ਕੁਆਰਟਰ ਫਾਈਨਲ 'ਚ ਫਿਲਪੀਂਸ ਦੀ ਆਈਰਿਸ਼ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ 'ਚ ਸਥਾਨ ਬਣਾਇਆ, ਜਿੱਥੇ ਉਸਦਾ ਮੁਕਾਬਲਾ ਚੀਨ ਦੀ ਹੂ ਜਿਯਾਨਗੁਆਨ ਨਾਲ ਹੋਵੇਗਾ ਪਰ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਮਨੀਸ਼ ਕੌਸ਼ਿਕ ਨੂੰ 63 ਕਿ. ਗ੍ਰਾ. 'ਚ ਨੇੜਲੇ ਮੁਕਾਬਲੇ ਮੰਗੋਲੀਆ ਦੇ ਚਿਨਜੋਰਿਗ ਬਾਤਾਰਸੁਖ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।