ਵਿਦੇਸ਼ ''ਚ ਕੰਮ ਕਰਦੇ ਪੰਜਾਬੀ ਨੂੰ ਛੁੱਟੀ ਮੰਗਣਾ ਪੈ ਗਿਆ ਮਹਿੰਗਾ, ਕੰਪਨੀ ਨੇ ਘਰ ਦੀ ਬਜਾਏ ਭੇਜ''ਤਾ ਜੇਲ੍ਹ
Sunday, Mar 30, 2025 - 11:51 AM (IST)

ਸੁਲਤਾਨਪੁਰ ਲੋਧੀ (ਸੋਢੀ, ਧੀਰ, ਅਸ਼ਵਨੀ, ਧੰਜੂ)- ਛੁੱਟੀ ਮੰਗਣੀ ਕਿਸੇ ਵਿਅਕਤੀ ਨੂੰ ਇੰਨੀ ਮਹਿੰਗੀ ਪੈ ਸਕਦੀ ਹੈ ਕਿ ਉਸ ਨੂੰ ਕੈਦ ਹੋਣਾ ਪੈ ਜਾਵੇ, ਇਹ ਕਦੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ। ਅਜਿਹਾ ਹੀ ਕੁਝ ਸਹਿਣਾ ਪਿਆ ਸਾਊਦੀ ਅਰਬ ’ਚ ਸਕਿਓਰਟੀ ਗਾਰਡ ਦੀ ਨੌਕਰੀ ਕਰਦੇ ਨਰੇਸ਼ ਕੁਮਾਰ ਨੂੰ, ਜਿਸ ਨੂੰ 4 ਸਾਲਾਂ ਬਾਅਦ ਛੁੱਟੀ ਮੰਗਣ ’ਤੇ ਚੋਰੀ ਦਾ ਇਲਜ਼ਾਮਾਂ ਹੇਠ ਡੇਢ ਸਾਲ ਤੱਕ ਥਾਣਿਆਂ ਤੇ ਜੇਲ੍ਹਾਂ ’ਚ ਮਾਨਸਿਕ ਤਸੀਹੇ ਝੱਲਣੇ ਪਏ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਪਰਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠੜਾ ਦੇ ਨਰੇਸ਼ ਕੁਮਾਰ ਨੇ ਆਪਣੀ ਦਰਦ ਭਰੀ ਹੱਡਬੀਤੀ ਸੁਣਾਈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਆਪਣੀ ਪਤਨੀ ਨਾਲ ਪਹੁੰਚੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸਾਲ 2014 ਵਿਚ ਸਾਊਦੀ ਅਰਬ ਗਿਆ ਸੀ। ਉਹ 3 ਵਾਰ ਤਾਂ ਆਪਣੇ ਪਿੰਡ ਗੇੜਾ ਮਾਰ ਗਿਆ ਸੀ, ਜਦੋਂ ਉਹ 2019 ਵਿਚ ਵਾਪਸ ਸਾਊਦੀ ਅਰਬ ਗਿਆ ਤਾਂ 4 ਸਾਲਾਂ ਬਾਅਦ ਉਸ ਨੇ ਆਪਣੇ ਪਰਿਵਾਰ ਵਿਚ ਜਾਣ ਲਈ ਛੁੱਟੀ ਮੰਗੀ ਤਾਂ ਕੰਪਨੀ ਨੇ ਛੁੱਟੀ ਦੇਣ ਦੀ ਥਾਂ ’ਤੇ ਚੋਰੀ ਦਾ ਇਲਜ਼ਾਮ ਲਗਾ ਕਿ ਇਕ ਬੰਦ ਕਮਰੇ ਵਿਚ ਕੈਦ ਕਰ ਲਿਆ।
ਇਹ ਵੀ ਪੜ੍ਹੋ- ਆ ਗਿਆ ਟਰੰਪ ਸਰਕਾਰ ਦਾ ਇਕ ਹੋਰ ਫ਼ਰਮਾਨ, ਸੈਂਕੜੇ ਵਿਦਿਆਰਥੀਆਂ ਨੂੰ ਸੁਣਾ'ਤਾ Self Deport ਹੋਣ ਦਾ ਹੁਕਮ
ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਸਿਰਫ਼ ਰੋਟੀ ਦੇਣ ਲਈ 2 ਵਾਰ ਦਰਵਾਜ਼ਾ ਖੋਲ੍ਹਿਆ ਜਾਂਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਤਾ ਲੱਗਣ 'ਤੇ ਉਨ੍ਹਾਂ ਦੀ ਪਤਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਵਿਚ ਸੰਪਰਕ ਕੀਤਾ। ਉਨ੍ਹਾਂ ਵੱਲੋਂ ਸਾਊਦੀ ਅਰਬ ਵਿਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਕੇ 2 ਮਹੀਨੇ ਤੋਂ ਕਮਰੇ ਵਿਚ ਬੰਦੀ ਬਣਾ ਕਿ ਰੱਖੇ ਗਏ ਨਰੇਸ਼ ਕੁਮਾਰ ਨੂੰ ਆਜ਼ਾਦ ਕਰਵਾਇਆ।
ਉਨ੍ਹਾਂ ਦੱਸਿਆ ਕਿ ਅੰਬੈਸੀ ਦੀ ਦਖਲਅੰਦਾਜ਼ੀ ਤੋਂ ਬਾਅਦ ਉਹ ਕੰਪਨੀ ਵਿਚੋਂ ਤਾਂ ਬਾਹਰ ਆ ਗਿਆ ਪਰ ਬਾਅਦ ਵਿਚ ਕੰਪਨੀ ਵੱਲੋਂ ਉਸ ਨੂੰ ਝੂਠੇ ਕੇਸ ਵਿਚ ਪੁਲਸ ਨੂੰ ਫੜਾ ਦਿੱਤਾ ਗਿਆ, ਜਿੱਥੇ ਉਸ ਨੂੰ ਝੂਠੇ ਚੋਰੀ ਦੇ ਕੇਸ ’ਚ 7 ਮਹੀਨੇ ਤੱਕ ਜੇਲ੍ਹ ’ਚ ਰੱਖਿਆ ਗਿਆ।
ਉਸ ਨੇ ਦੱਸਿਆ ਕਿ ਜੁਰਮ ਨਾ ਸਾਬਿਤ ਹੋਣ ਦੀ ਸੂਰਤ ’ਚ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ, ਪਰ ਇਸ ਦੇ ਬਾਵਜੂਦ ਵੀ ਉਸ ਨੂੰ ਬਰੀ ਨਹੀਂ ਸੀ ਕੀਤਾ ਜਾ ਰਿਹਾ। ਸੰਤ ਸੀਚੇਵਾਲ ਦੀ ਮੁੜ ਅਪੀਲ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਦਖਲ ਦਿੱਤਾ। ਫਿਰ ਕੰਪਨੀ ਨੇ ਕਲੀਅਰੈਂਸ ਸਮੇਂ ਉਸ ਦੇ ਕੰਮ ਨੂੰ 6 ਮਹੀਨੇ ਤੱਕ ਲਟਕਾਈ ਰੱਖਿਆ। ਘਰ ਵਾਪਸੀ ਕਰਨ ਮਗਰੋਂ ਨਰੇਸ਼ ਨੇ ਜਿੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਉੱਥੇ ਹੀ ਸੰਤ ਸੀਚੇਵਾਲ ਜੀ ਦਾ ਧੰਨਵਾਦ ਵੀ ਕੀਤਾ ਕਿ ਉਹ ਉਸ ਨਾਲ ਤੇ ਉਸ ਦੇ ਪਰਿਵਾਰ ਦੇ ਨਾਲ ਖੜ੍ਹੇ ਰਹੇ ਤੇ ਕਿਸੇ ਵੀ ਸਥਿਤੀ ’ਚ ਡੋਲਣ ਨਹੀਂ ਦਿੱਤਾ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਤੋਂ ਭੂਚਾਲ ਨਾਲ ਕੰਬ ਗਿਆ ਮਿਆਂਮਾਰ, ਹੁਣ ਤੱਕ 1,000 ਤੋਂ ਵੱਧ ਲੋਕਾਂ ਨੇ ਗੁਆਈ ਜਾਨ
ਨਰੇਸ਼ ਕੁਮਾਰ ਦੀ ਪਤਨੀ ਨੇ ਪਤੀ ਦੀ ਵਾਪਸੀ ਦੀ ਖੁਸ਼ੀ ਜ਼ਾਹਿਰ ਕਰਦਿਆ ਹੋਇਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਭਾਰਤ ਸਰਕਾਰ ਦਾ ਤਹਿਦਿਲੋਂ ਧੰਨਵਾਦ ਕੀਤਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਸਾਊਦੀ ਅਰਬ ’ਚ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਵੱਲੋਂ ਕੀਤੀ ਪੈਰਵਾਈ ਸਦਕਾ ਹੀ ਨਰੇਸ਼ ਕੁਮਾਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ।
ਇਹ ਵੀ ਪੜ੍ਹੋ- ਜ਼ੈਲੇਂਸਕੀ ਦੇ 'ਮੌਤ' ਵਾਲੇ ਬਿਆਨ ਤੋਂ ਕੁਝ ਹੀ ਦਿਨਾਂ ਬਾਅਦ ਹੋ ਗਿਆ ਵੱਡਾ ਕਾਂਡ, ਪੁਤਿਨ ਦੀ ਕਾਰ 'ਚ ਹੋ ਗਿਆ ਧਮਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e