ਹੁਣ ਪੰਜਾਬ ਦੇ ਸਕੂਲਾਂ ਤੋਂ ਨਿਕਲਣਗੇ ਖਿਡਾਰੀ, 2000 PTI ਭਰਤੀ ਕਰਨ ਦੀ ਤਿਆਰੀ ''ਚ ਸਰਕਾਰ

Thursday, Aug 03, 2023 - 12:45 PM (IST)

ਹੁਣ ਪੰਜਾਬ ਦੇ ਸਕੂਲਾਂ ਤੋਂ ਨਿਕਲਣਗੇ ਖਿਡਾਰੀ, 2000 PTI ਭਰਤੀ ਕਰਨ ਦੀ ਤਿਆਰੀ ''ਚ ਸਰਕਾਰ

ਚੰਡੀਗੜ੍ਹ (ਬਿਊਰੋ)- ਪੰਜਾਬ ਦੇ ਸਕੂਲਾਂ 'ਚ ਹੁਣ ਸਿਰਫ਼ ਪੜ੍ਹਾਈ ਹੀ ਨਹੀਂ ਹੋਵੇਗੀ, ਸਗੋਂ ਖਿਡਾਰੀ ਵੀ ਤਿਆਰ ਹੋਣਗੇ। ਇਸ ਦੇ ਲਈ ਸਰਕਾਰ 2000 ਦੇ ਕਰੀਬੀ ਪੀਟੀਆਈ ਅਧਿਆਪਕਾਂ ਦੀ ਭਰਤੀ ਦੀ ਤਿਆਰੀ 'ਚ ਹੈ। ਖ਼ਾਸ ਗੱਲ ਇਹ ਕਿ ਇਨ੍ਹਾਂ ਅਹੁਦਿਆਂ 'ਤੇ 20 ਤੋਂ 30 ਫ਼ੀਸਦੀ ਖਿਡਾਰੀਆਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਤਾਂ ਜੋ ਵਿਦਿਆਰਥੀਆਂ 'ਚ ਲੁਕੇ ਟੈਲੇਂਟ ਨੂੰ ਸ਼ੁਰੂ 'ਚ ਪਛਾਣਿਆ ਜਾ ਸਕੇ। ਸਿੱਖਿਆ ਵਿਭਾਗ ਇਸ ਭਰਤੀ ਲਈ ਨਵੇਂ ਨਿਯਮ ਤਿਆਰ ਕਰ ਰਿਹਾ ਹੈ। ਵਿਭਾਗ ਦਾ ਦਾਅਵਾ ਹੈ ਕਿ ਜਲਦੀ ਹੀ ਨਵੇਂ ਨਿਯਮ ਤਿਆਰ ਕਰ ਲਏ ਜਾਣਗੇ। ਇਸ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਮੈਰਿਟ ਦੇ ਆਧਾਰ 'ਤੇ ਅਧਿਆਪਕ ਚੁਣੇ ਜਾਣਗੇ। ਪੰਜਾਬ ਸਰਕਾਰ ਦਾ ਧਿਆਨ ਸਿਰਫ਼ ਬੱਚਿਆਂ ਦੀ ਪੜ੍ਹਾਈ 'ਤੇ ਹੀ ਨਹੀਂ, ਸਗੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕੜੀ 'ਚ ਜਿੱਥੇ ਸਰਕਾਰ ਸਿੰਗਾਪੁਰ ਅਤੇ ਆਈਆਈਐੱਮ ਅਹਿਮਦਾਬਾਦ ਤੋਂ ਅਧਿਆਪਕਾਂ ਨੂੰ ਸਿਖਲਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਦੀ ਅੰਗਰੇਜ਼ੀ ਨੂੰ ਸੁਧਾਰਨ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਹੁਣ ਪ੍ਰਾਇਮਰੀ ਸਕੂਲਾਂ 'ਚ ਪੀਟੀਆਈ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ 'ਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਖੇਡਾਂ ਦੇ ਖੇਤਰ 'ਚ ਮੋਹਰੀ ਬਣ ਸਕੇ। ਸਿੱਖਿਆ ਮੰਤਰੀ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਪੰਜਾਬ 'ਚ ਸਿਰਫ਼ 35 ਖੇਡਾਂ ਨੂੰ ਮਾਨਤਾ ਪ੍ਰਾਪਤ ਹੈ
ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਆਪਣੀ ਖੇਡ ਨੀਤੀ ਜਾਰੀ ਕੀਤੀ ਹੈ। ਇਸ 'ਚ ਸਰਕਾਰ ਨੇ ਸਿਰਫ਼ 35 ਖੇਡਾਂ ਨੂੰ ਹੀ ਗਰੇਡਿੰਗ ਲਈ ਮਾਨਤਾ ਦਿੱਤੀ ਹੈ। ਇਨ੍ਹਾਂ ਖੇਡਾਂ ਤੋਂ ਇਲਾਵਾ ਓਲੰਪਿਕ, ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਨੂੰ ਵੀ ਗ੍ਰੇਡੇਸ਼ਨ ਹੋਵੇਗੀ। ਇਨ੍ਹਾਂ ਖੇਡਾਂ 'ਚ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਸਾਈਕਲਿੰਗ, ਜਿਮਨਾਸਟਿਕ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਖੋ-ਖੋ, ਲਾਨ ਟੈਨਿਸ, ਨੈਸ਼ਨਲ ਅਤੇ ਸਰਕਲ ਸਟਾਈਲ ਕਬੱਡੀ, ਬਾਕਸਿੰਗ, ਕੁਸ਼ਤੀ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ, ਵੇਟਲਿਫਟਿੰਗ, ਸ਼ੂਟਿੰਗ, ਤੀਰਅੰਦਾਜ਼ੀ, ਘੋੜਸਵਾਰੀ, ਫੇਸਿੰਗ, ਰੋਇੰਗ, ਸਾਫਟਬਾਲ, ਨੈੱਟਬਾਲ, ਰੋਲਰ ਸਕੇਟਿੰਗ, ਕੈਨੋਇੰਗ, ਪਾਵਰਲਿਫਟਿੰਗ, ਬਾਡੀ ਬਿਲਡਿੰਗ, ਯਾਚਿੰਗ, ਗੋਲਫ, ਸ਼ਤਰੰਜ, ਗੱਤਕਾ ਅਤੇ ਕਿੱਕ ਬਾਕਸਿੰਗ ਸ਼ਾਮਲ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਿਰਫ਼ ਉਨ੍ਹਾਂ ਖੇਡਾਂ ਵੱਲ ਲੈ ਕੇ ਜਾਣ ਜੋ ਸਰਕਾਰ ਦੀ ਸੂਚੀ 'ਚ ਸ਼ਾਮਲ ਹਨ। ਨਹੀਂ ਤਾਂ ਬਾਅਦ 'ਚ ਸਰਕਾਰ ਚਾਹੇ ਤਾਂ ਉਨ੍ਹਾਂ ਦੀ ਮਦਦ ਨਹੀਂ ਕਰ ਸਕੇਗੀ।
309 ਕੋਚਾਂ ਦੀ ਮਦਦ ਨਾਲ ਚੱਲ ਰਿਹਾ ਖੇਡ ਵਿਭਾਗ
ਪਹਿਲਾਂ ਖੇਡ ਵਿਭਾਗ 'ਚ ਕੋਚਾਂ ਦੀ ਗਿਣਤੀ ਬਹੁਤ ਘੱਟ ਸੀ। ਪੰਜਾਬ ਕੋਲ ਸਿਰਫ਼ 309 ਕੋਚ ਹਨ ਜਦੋਂ ਕਿ ਹਰਿਆਣਾ 'ਚ 2017 ਕੋਚ ਹਨ। ਹੁਣ ਨਵੀਂ ਖੇਡ ਨੀਤੀ ਅਨੁਸਾਰ 2360 ਕੋਚਾਂ ਦੀ ਤਜਵੀਜ਼ ਹੈ। ਮੈਡਲ ਜੇਤੂ ਖਿਡਾਰੀਆਂ ਲਈ ਤਿਆਰ ਕੀਤੇ ਗਏ ਵਿਸ਼ੇਸ਼ ਕੇਡਰ 'ਚ 500 ਅਸਾਮੀਆਂ ਲਈ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ 'ਚ 40 ਡਿਪਟੀ ਡਾਇਰੈਕਟਰ 92 ਸੀਨੀਅਰ ਕੋਚ, 138 ਕੋਚ ਅਤੇ 230 ਜੂਨੀਅਰ ਕੋਚ ਸ਼ਾਮਲ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News