ਜੋਕੋਵਿਚ ਦੀ ਆਸਾਨ ਜਿੱਤ, 2020 ''ਚ ਰਿਕਾਰਡ 20-0 ''ਤੇ ਪਹੁੰਚਾਇਆ

08/26/2020 3:48:25 PM

ਨਿਊਯਾਰਕ (ਭਾਸ਼ਾ) : ਨੋਵਾਕ ਜੋਕੋਵਿਚ ਨੇ ਗਰਦਨ ਦੇ ਦਰਦ ਤੋਂ ਕੁੱਝ ਰਾਹਤ ਮਿਲਣ ਦੇ ਬਾਅਦ ਆਪਣਾ ਪੁਰਾਣਾ ਰੰਗ ਦਿਖਾਉਂਦੇ ਹੋਏ ਪੱਛਮੀ ਅਤੇ ਦੱਖਣੀ ਟੈਨਿਸ ਟੂਰਨਾਮੈਂਟ ਵਿਚ ਅਮਰੀਕਾ ਦੇ ਟੈਨਿਸ ਸੈਂਡਗਰੇਨ ਨੂੰ ਸਿੱਧਾ ਸੈਟਾਂ ਵਿਚ ਹਰਾ ਕੇ 2020 ਵਿਚ ਆਪਣੀ ਜਿੱਤ ਦਾ ਰਿਕਾਰਡ 20-0 'ਤੇ ਪਹੁੰਚਾ ਦਿੱਤਾ। ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਇਹ ਮੈਚ 6-2, 6-4 ਨਾਲ ਜਿੱਤਣ ਦੇ ਬਾਅਦ ਕਿਹਾ, 'ਅਸਲ ਵਿਚ ਜਿਸ ਤਰ੍ਹਾਂ ਨਾਲ ਅੱਜ ਮੈਂ ਆਪਣੇ ਆਪ ਨੂੰ ਫਿਟ ਮਹਿਸੂਸ ਕੀਤਾ ਉਹ ਸੁਖਦ ਹੈ। ਪੂਰੀ ਫਿਟਨੈਸ ਹੀ ਨਹੀਂ ਮੇਰੀ ਗਰਦਨ ਵੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ, ਕਿਉਂਕਿ ਇਸ ਨੂੰ ਲੈ ਕੇ ਮੈਂ ਥੋੜ੍ਹਾ ਚਿੰਤਤ ਸੀ।'

ਕੋਵਿਡ-19 ਕਾਰਨ ਪਿਛਲੇ 5 ਮਹੀਨੇ ਵਿਚ ਖੇਡੇ ਜਾ ਰਹੇ ਪਹਿਲੇ ਏ.ਟੀ.ਪੀ. ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਵਿਚ ਜੋਕੋਵਿਚ ਨੂੰ ਜੂਝਨਾ ਪਿਆ ਸੀ ਪਰ ਦੂਜੇ ਦੌਰ ਵਿਚ ਉਹ ਚੰਗੀ ਲੈਅ ਵਿਚ ਵਿਖੇ ਜੋ ਕਿ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਯੂ.ਐਸ. ਓਪਨ ਤੋਂ ਪਹਿਲਾਂ ਉਨ੍ਹਾਂ ਲਈ ਚੰਗੇ ਸੰਕੇਤ ਹਨ। ਉਨ੍ਹਾਂ ਨੇ ਪਿਛਲੇ 7 ਵਿਚੋਂ 5 ਗਰੈਂਡਸਲੈਮ ਟੂਰਨਾਮੈਂਟ ਜਿੱਤੇ ਹਨ, ਜਿਨ੍ਹਾਂ ਵਿਚ ਇਸ ਸਾਲ ਫਰਵਰੀ ਵਿਚ ਖੇਡਿਆ ਗਿਆ ਆਸਟ੍ਰੇਲਿਆਈ ਓਪਨ ਵੀ ਸ਼ਾਮਲ ਹੈ।

ਜੋਕੋਵਿਚ ਕੁਆਟਰ ਫਾਈਨਲ ਵਿਚ 34ਵੀਂ ਰੈਂਕਿੰਗ ਦੇ ਜਾਨ ਲੇਨਾਰਡ ਸਟਰਫ ਨਾਲ ਭਿੜਨਗੇ। ਇਕ ਹੋਰ ਕੁਆਟਰ ਫਾਈਨਲ ਵਿਚ ਮੌਜੂਦਾ ਚੈਂਪੀਅਨ ਡੈਨਿਲ ਮੇਦਵੇਦੇਵ ਦਾ ਸਾਹਮਣਾ ਰਾਬਰਟੋ ਬਾਤੀਸਤਾ ਆਗੁਟ ਨਾਲ ਹੋਵੇਗਾ। ਹੋਰ ਮੈਚਾਂ ਵਿਚ 6 ਫੁੱਟ 11 ਇੰਚ ਲੰਬੇ ਅਮਰੀਕੀ ਖਿਡਾਰੀ ਰੀਲੀ ਓਪੇਲਕਾ ਨੇ ਮਾਟੋ ਬੇਰਾਟਿਨੀ ਨੂੰ 6-3, 7-6 (4) ਨੂੰ ਹਰਾ ਕੇ ਕੁਆਟਰ ਫਾਈਨਲ ਵਿਚ ਜਗ੍ਹਾ ਬਣਾਈ, ਜਿੱਥੇ ਉਨ੍ਹਾਂ ਦਾ ਸਾਹਮਣਾ ਸਟੇਫੇਨੋਸ ਸਿਟੀਸਿਪਾਸ ਨਾਲ ਹੋਵੇਗਾ, ਜਿਨ੍ਹਾਂ ਨੇ ਜਾਨ ਇਸਨਰ ਨੂੰ 7-6 (2), 7-6 (4) ਤੋਂ ਹਰਾਇਆ। ਤਿੰਨ ਵਾਰ ਦੇ ਗਰੈਂਡਸਲੈਮ ਚੈਂਪੀਅਨ ਐਂਡੀ ਮੱਰੇ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ। ਉਨ੍ਹਾਂ ਨੂੰ ਮਿਲੋਸ ਰਾਓਨਿਚ ਨੇ 6-2, 6-2 ਨਾਲ ਹਰਾਇਆ।


cherry

Content Editor

Related News