ਯੂ. ਐੱਸ. ਓਪਨ ''ਚ ਨੋਵਾਕ ਜੋਕੋਵਿਚ ਦੇ ਖੇਡਣ ''ਤੇ ਖ਼ਦਸ਼ਾ

07/22/2022 2:23:03 PM

ਸਪੋਰਟਸ ਡੈਸਕ- 21 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਅਮਰੀਕਾ ਦੀ ਕੋਰੋਨਾ ਵੈਕਸੀਨ ਨੀਤੀ ਦੇ ਕਾਰਨ ਇਸ ਸਾਲ ਦੀ ਆਖ਼ਰੀ ਗ੍ਰੈਂਡ ਸਲੈਮ ਪ੍ਰਤੀਯੋਗਿਤਾ ਯੂ. ਐੱਸ. ਓਪਨ ਤੋਂ ਬਾਹਰ ਰਹਿ ਸਕਦੇ ਹਨ। ਅਮਰੀਕੀ ਨਿਯਮਾਂ ਦੇ ਮੁਤਾਬਕ, ਦੇਸ਼ 'ਚ ਪ੍ਰਵੇਸ਼ ਲਈ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਉਣਾ ਜ਼ਰੂਰੀ ਹੈ। ਸਰਬੀਆ ਦੇ ਜੋਕੋਵਿਚ ਨੇ ਵੈਕਸੀਨ ਨਹੀਂ ਲਗਵਾਈ ਹੈ ਤੇ ਉਹ ਆਪਣੀ ਵੈਕਸੀਨ ਵਿਰੋਧੀ ਰਾਏ ਦੇ ਕਾਰਨ ਇਸ ਸਾਲ ਹੋਏ ਆਸਟਰੇਲੀਅਨ ਓਪਨ ਤੋਂ ਵੀ ਬਾਹਰ ਰਹੇ ਸਨ। 

ਹੁਣ ਯੂ. ਐੱਸ. ਓਪਨ ਦੇ ਆਯੋਜਕਾਂ ਨੇ ਕਿਹਾ ਕਿ ਉਹ ਅਮਰੀਕੀ ਸਰਕਾਰ ਦੇ ਕੋਵਿਡ-19 ਵੈਕਸੀਨ ਨਿਯਮਾਂ ਦਾ ਸਨਮਾਨ ਕਰਦੇ ਹਨ। ਯੂ. ਐੱਸ. ਓਪਨ ਨੇ ਜਾਰੀ ਬਿਆਨ 'ਚ ਕਿਹਾ, 'ਆਈ. ਟੀ. ਐੱਫ. ਗ੍ਰੈਂਡ ਸਲੈਮ ਨਿਯਮ ਕਿਤਾਬ ਦੇ ਮੁਤਾਬਕ, ਸਾਰੇ ਪਾਤਰ ਖਿਡਾਰੀ ਈਵੈਂਟ ਦੇ ਪਹਿਲੇ ਸੋਮਵਾਰ ਤੋਂ 42 ਦਿਨ ਪਹਿਲਾਂ ਰੈਂਕਿੰਗ ਦੇ ਆਧਾਰ 'ਤੇ ਖ਼ੁਦ-ਬ-ਖ਼ੁਦ ਆਟੋਮੈਟਿਕ ਤੌਰ 'ਤੇ ਪੁਰਸ਼ ਤੇ ਮਹਿਲਾ ਸਿੰਗਲ ਦੇ ਮੁੱਖ ਡਰਾਅ ਖੇਤਰਾਂ 'ਚ ਪ੍ਰਵੇਸ਼ ਕਰ ਜਾਂਦੇ ਹਨ। 

ਯੂ. ਐੱਸ. ਓਪਨ 'ਚ ਖਿਡਾਰੀਆਂ ਲਈ ਟੀਕਾਕਰਨ ਲਾਜ਼ਮੀ ਨਹੀਂ ਹੈ, ਪਰ ਆਯੋਜਕ ਗ਼ੈਰ-ਅਮਰੀਕੀ ਨਾਗਰਿਕਾਂ ਲਈ ਦੇਸ਼ 'ਚ ਯਾਤਰਾ ਦੇ ਸਬੰਧ 'ਚ ਅਮਰੀਕੀ ਸਰਕਾਰ ਦੇ ਨਿਯਮਾਂ ਦਾ ਸਨਮਾਨ ਕਰੇਗਾ।' ਯੂਨਾਈਟਿਡ ਸਟੇਸ ਟੈਨਿਸ ਐਸੋਸੀਏਸ਼ਨ (ਯੂ. ਐੱਸ. ਟੀ. ਏ.) ਨੇ ਬੁੱਧਵਾਰ ਨੂੰ ਪੁਰਸ਼ ਤੇ ਮਹਿਲਾ ਸਿੰਗਲ ਪ੍ਰਵੇਸ਼ ਸੂਚੀ ਜਾਰੀ ਕੀਤੀ। ਜੋਕੋਵਿਚ ਦਾ ਨਾਂ ਪ੍ਰਵੇਸ਼ ਸੂਚੀ 'ਚ ਸੀ, ਪਰ ਫਿਲਹਾਲ ਇਹ ਯਕੀਨੀ ਨਹੀਂ ਹੈ ਕਿ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਨਿਊਯਾਰਕ 'ਚ ਟੂਰਨਾਮੈਂਟ 29 ਅਗਸਤ ਤੋ 11 ਸਤੰਬਰ ਦੇ ਦਰਮਿਆਨ ਖੇਡਿਆ ਜਾਵੇਗਾ।


Tarsem Singh

Content Editor

Related News