ਪੇਂਗ ਮਾਮਲੇ ''ਚ ਚੀਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਲੈਣ ਦੀ WTA ਦੀ ਚਿਤਾਵਨੀ ਦੇ ਪੱਖ ''ਚ ਨੋਵਾਕ
Saturday, Nov 20, 2021 - 04:59 PM (IST)
ਤੁਰਿਨ- ਦੁਨੀਆ ਦੇ ਚੋਟੀ ਦੇ ਪੁਰਸ਼ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਲਾਪਤਾ ਖਿਡਾਰੀ ਪੇਂਗ ਸ਼ੁਆਈ ਦੀ ਜਾਣਕਾਰੀ ਨਹੀਂ ਮਿਲਣ 'ਤੇ ਮਹਿਲਾ ਟੈਨਿਸ ਸੰਘ (ਡਬਲਯੂ. ਟੀ. ਏ.) ਦੀ ਚੀਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਵਾਪਸ ਲੈਣ ਦੀ ਧਮਕੀ ਦਾ ਸੌ ਫ਼ੀਸਦੀ ਸਮਰਥਨ ਕੀਤਾ ਹੈ। ਟੈਨਿਸ ਜਗਤ ਪਿਛਲੇ ਕੁਝ ਦਿਨਾਂ ਤੋਂ ਚੀਨ ਦੀ ਲਾਪਤਾ ਖਿਡਾਰੀ ਪੇਂਗ ਦੇ ਟਿਕਾਣੇ ਤੇ ਸੁੱਖ-ਸਾਂਦ ਬਾਰੇ ਜਾਣਕਾਰੀ ਦੀ ਮੰਗ ਕਰ ਰਿਹਾ ਹੈ। ਪੇਂਗ ਚੀਨ ਦੇ ਇਕ ਸਾਬਕਾ ਚੋਟੀ ਦੇ ਅਧਿਕਾਰੀ 'ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਉਣ ਦੇ ਬਾਅਦ ਤੋਂ ਗ਼ਾਇਬ ਹੈ। ਡਬਲਯੂ. ਟੀ. ਏ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਇਹ ਸਾਬਤ ਨਹੀਂ ਹੋ ਜਾਂਦਾ ਕਿ ਪੇਂਗ ਸੁਰੱਖਿਅਤ ਹਨ ਤਾਂ ਚੀਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਵਾਪਸ ਲਈ ਜਾ ਸਕਦੀ ਹੈ।
ਡਬਲਯੂ. ਟੀ. ਏ. ਪ੍ਰਧਾਨ ਸਟੀਵ ਸਿਮੋਨ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਇਸ ਮਾਮਲੇ 'ਤੇ ਸਮਝੌਤਾ ਨਹੀਂ ਕਰ ਸਕਦੇ। ਇਹ ਜਾਂ ਤਾਂ ਸਹੀ ਹੈ ਜਾਂ ਗ਼ਲਤ ਹੈ।' ਜੋਕੋਵਿਚ ਨੇ ਇੱਥੇ ਏ. ਟੀ. ਪੀ. ਫਾਈਨਲਸ 'ਚ ਬ੍ਰਿਟੇਨ ਦੇ ਕੈਮਰਨ ਨੌਰੀ ਨੂੰ ਸ਼ਿਕਸਤ ਦੇਣ ਦੇ ਬਾਅਦ ਕਿਹਾ, 'ਇਹ ਮਹੱਤਵਪੂਰਨ ਹੈ ਕਿਉਂਕਿ ਇਹ ਕਾਫ਼ੀ ਡਰਾਵਣਾ ਹੈ। ਮੇਰਾ ਮਤਲਬ ਹੈ ਕਿ ਇਕ ਇਨਸਾਨ ਲਾਪਤਾ ਹੈ।' ਉਨ੍ਹਾਂ ਕਿਹਾ, 'ਚੀਨ ਇਕ ਬਹੁਤ ਵੱਡਾ ਦੇਸ਼ ਹੈ। ਇਹ ਖ਼ਾਸ ਤੌਰ 'ਤੇ ਡਬਲਯੂ. ਟੀ. ਏ. ਦੇ ਲਈ ਬਹੁਤ ਮਹੱਤਵਪੂਰਨ ਹਿੱਸਾ ਹੈ। ਉੱਥੇ ਉਨ੍ਹਾਂ ਦੇ ਕਈ ਟੂਰਨਾਮੈਂਟ ਹੁੰਦੇ ਹਨ। ਮੇਰਾ ਮਤਲਬ ਹੈ, ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਜੋ ਵੀ ਕਾਰਵਾਈ ਕਰ ਸਕਦੇ ਹਾਂ, ਉਸ ਨੂੰ ਕਰੀਏ।' ਉਨ੍ਹਾਂ ਕਿਹਾ, 'ਮੈਂ ਅਜੇ ਸੁਣਿਆ ਹੈ ਕਿ ਜਦੋਂ ਤਕ ਇਸ ਮੁੱਦੇ ਦਾ ਹਲ ਨਹੀਂ ਹੋ ਜਾਂਦਾ, ਡਬਲਯੂ. ਟੀ. ਏ. ਚੀਨ ਦੇ ਸਾਰੇ ਟੂਰਨਾਮੈਂਟਾਂ ਤੋਂ ਹਟਣ ਨੂੰ ਤਿਆਰ ਹੈ। ਮੈਂ ਇਸ ਦਾ ਸੌ ਫ਼ੀਸਦੀ ਸਮਰਥਨ ਕਰਦਾ ਹਾਂ।'