ਓਲੰਪਿਕ ’ਚ ਤਮਗੇ ਤੋਂ ਘੱਟ ਦੀ ਨਹੀਂ ਸੋਚ ਰਹੇ : ਕ੍ਰਿਸ਼ਣ ਬੀ ਪਾਠਕ
Tuesday, Jun 08, 2021 - 06:39 PM (IST)
ਸਪੋਰਟਸ ਡੈਸਕ : ਭਾਰਤੀ ਹਾਕੀ ਟੀਮ ਨੂੰ ਤਮਗੇ ਦੀ ਮਜ਼ਬੂਤ ਦਾਅਵੇਦਾਰ ਕਰਾਰ ਦਿੰਦਿਆਂ ਗੋਲਕੀਪਰ ਕ੍ਰਿਸ਼ਣ ਬੀ ਪਾਠਕ ਨੇ ਕਿਹਾ ਕਿ ਟੀਮ ਟੋਕੀਓ ਓਲੰਪਿਕ ਖੇਡਾਂ ’ਚ ਤਮਗੇ ਤੋਂ ਘੱਟ ਬਾਰੇ ਨਹੀਂ ਸੋਚ ਰਹੀ । ਭਾਰਤੀ ਟੀਮ ਹੁਣ ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ’ਚ ਅਭਿਆਸ ਕਰ ਰਹੀ ਹੈ। ਭਾਰਤ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਕੋਈ ਤਮਗਾ ਨਹੀਂ ਜਿੱਤ ਸਕਿਆ ਪਰ ਪਾਠਕ ਨੂੰ ਪੂਰਾ ਵਿਸ਼ਵਾਸ ਹੈ ਕਿ ਮੌਜੂਦਾ ਟੀਮ ਇਤਿਹਾਸ ਰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਅਸੀਂ ਚੋਟੀ ਦੀਆਂ ਟੀਮਾਂ ਖ਼ਿਲਾਫ ਵਧੀਆ ਖੇਡ ਦਿਖਾਈ ਹੈ। ਸਾਰੇ ਖਿਡਾਰੀ ਆਪਣੀ ਖੇਡ ਪ੍ਰਤੀ ਪੂਰਾ ਵਿਸ਼ਵਾਸ ਰੱਖਦੇ ਹਨ ਅਤੇ ਭਾਰਤ ਲਈ ਇਤਿਹਾਸ ਸਿਰਜਣ ਲਈ ਪ੍ਰਤੀਬੱਧ ਹਨ। ਅਸੀਂ ਤਮਗੇ ਤੋਂ ਘੱਟ ਨਹੀਂ ਸੋਚ ਰਹੇ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਇਸ ਸਾਲ ਦੇ ਓਲੰਪਿਕ ’ਚ ਤਮਗਾ ਜਿੱਤ ਸਕਦੇ ਹਾਂ।
ਪਾਠਕ ਨੇ ਕਿਹਾ ਕਿ ਟੀਮ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸਖਤ ਅਭਿਆਸ ਕਰ ਰਹੀ ਹੈ ਅਤੇ ਚੁਣੌਤੀ ਲਈ ਤਿਆਰ ਹੈ। ਇਸ 24 ਸਾਲਾ ਖਿਡਾਰੀ ਨੇ ਕਿਹਾ ਕਿ ਓਲੰਪਿਕ ਬਹੁਤ ਜ਼ਿਆਦਾ ਦੂਰ ਨਹੀਂ ਹੈ ਅਤੇ ਇਸ ਲਈ ਅਸੀਂ ਅਭਿਆਸ ਸੈਸ਼ਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਕੋਚ ਨੇ ਸਾਡੇ ਲਈ ਸਖਤ ਅਭਿਆਸ ਸੈਸ਼ਨ ਦਾ ਪ੍ਰਬੰਧ ਕੀਤਾ ਹੈ ਅਤੇ ਅਸੀਂ ਉਨ੍ਹਾਂ ਦਾ ਚੰਗੀ ਤਰ੍ਹਾਂ ਆਨੰਦ ਲੈ ਰਹੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਇਕ ਗਰੁੱਪ ਦੇ ਤੌਰ ’ਤੇ ਪਿਛਲੇ ਕੁਝ ਸਾਲਾਂ ਤੋਂ ਵਧੀਆ ਖੇਡ ਰਹੇ ਹਾਂ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਓਲੰਪਿਕ ’ਚ ਆਪਣੀ ਪੂਰੀ ਸਮਰੱਥਾ ਨਾਲ ਖੇਡੀਏ। ਇਹ ਸਾਡੇ ਲਈ ਵੱਡੀ ਚੁਣੌਤੀ ਹੋਵੇਗੀ ਪਰ ਅਸੀਂ ਟੋਕੀਓ ’ਚ ਇਸ ਚੁਣੌਤੀ ਲਈ ਤਿਆਰ ਹਾਂ। ਪਾਠਕ ਨੇ ਇਸ ਦੇ ਨਾਲ ਹੀ ਓਲੰਪਿਕਸ ਵਰਗੇ ਵੱਡੇ ਮੁਕਾਬਲਿਆਂ ’ਚ ਗੋਲਕੀਪਰ ਤੇ ਡਿਫੈਂਸ ਲਾਈਨ ਦੇ ਹੋਰ ਖਿਡਾਰੀਆਂ ਦਰਮਿਆਨ ਤਾਲਮੇਲ ਨੂੰ ਮਹੱਤਵਪੂਰਨ ਕਰਾਰ ਦਿੱਤਾ।
ਰਾਸ਼ਟਰੀ ਟੀਮ ਵੱਲੋਂ 50 ਮੈਚ ਖੇਡ ਚੁੱਕੇ ਪਾਠਕ ਨੇ ਕਿਹਾ ਕਿ ਮੈਦਾਨ ’ਚ ਸਿਰਫ ਇੱਕ ਹੀ ਗੋਲਕੀਪਰ ਹੋ ਸਕਦਾ ਹੈ ਪਰ ਉਹ ਇਕੱਲਾ ਨਹੀਂ ਹੈ। ਮੈਂ ਬਚਾਅ ਪੱਖ ਦੇ ਖਿਡਾਰੀਆਂ ਨਾਲ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਾ ਹਾਂ ਤਾਂ ਕਿ ਮੈਂ ਉਨ੍ਹਾਂ ਨਾਲ ਤਾਲਮੇਲ ਬਿਠਾ ਸਕਾਂ। ਉਨ੍ਹਾਂ ਕਿਹਾ, “ਜੇ ਮੈਂ ਡਿਫੈਂਡਰਾਂ ਨਾਲ ਚੰਗੀ ਤਰ੍ਹਾਂ ਤਾਲਮੇਲ ਬਿਠਾ ਸਕਦਾ ਹਾਂ ਤਾਂ ਫਿਰ ਸਾਡੀ ਡਿਫੈਂਸ ਲਾਈਨ ਨਿਸ਼ਚਿਤ ਤੌਰ 'ਤੇ ਮਜ਼ਬੂਤ ਹੋਵੇਗੀ ਅਤੇ ਅਸੀਂ ਆਸਾਨੀ ਨਾਲ ਗੋਲ ਨਹੀਂ ਗੁਆਵਾਂਗੇ।” ਅਸੀਂ ਅਭਿਆਸ ਦੌਰਾਨ ਵੀ ਤਾਲਮੇਲ ਸਥਾਪਿਤ ਕਰਨ ਦਾ ਅਭਿਆਸ ਕਰ ਰਹੇ ਹਾਂ।