ਪੋਂਟਿੰਗ-ਲੈਂਗਰ ਦੇ ਦਾਅਵੇ 'ਤੇ ਬੋਲੇ BCCI ਸਕੱਤਰ, ਕਿਸੇ ਵੀ ਆਸਟ੍ਰੇਲੀਆਈ ਨੂੰ ਕੋਚ ਬਣਨ ਦੀ ਨਹੀਂ ਦਿੱਤੀ ਪੇਸ਼ਕਸ਼

05/25/2024 1:34:46 PM

ਮੁੰਬਈ: ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਸ਼ੁੱਕਰਵਾਰ ਨੂੰ ਦਾਅਵਿਆਂ ਦਾ ਖੰਡਨ ਕੀਤਾ ਕਿ ਬੋਰਡ ਨੇ ਭਾਰਤ ਦਾ ਮੁੱਖ ਕੋਚ ਬਣਨ ਲਈ ਇੱਕ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਨਾਲ ਸੰਪਰਕ ਕੀਤਾ ਹੈ। ਮੌਜੂਦਾ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਦ੍ਰਾਵਿੜ ਨੇ ਬੋਰਡ ਨੂੰ ਕਿਹਾ ਹੈ ਕਿ ਉਹ ਆਪਣੇ ਕਾਰਜਕਾਲ ਵਿੱਚ ਹੋਰ ਵਾਧਾ ਨਹੀਂ ਚਾਹੁੰਦੇ ਹਨ। ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੋਂਟਿੰਗ ਅਤੇ ਜਸਟਿਨ ਲੈਂਗਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਅਹੁਦੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
ਸ਼ਾਹ ਨੇ ਇਕ ਬਿਆਨ 'ਚ ਕਿਹਾ, 'ਮੇਰੇ ਜਾਂ ਬੀ.ਸੀ.ਸੀ.ਆਈ, ਵੱਲੋਂ ਕਿਸੇ ਵੀ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਨੂੰ ਕੋਚ ਦੇ ਅਹੁਦੇ ਲਈ ਸੰਪਰਕ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਪੂਰੀ ਤਰ੍ਹਾਂ ਗਲਤ ਹਨ। ਪੋਂਟਿੰਗ ਅਤੇ ਲੈਂਗਰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕ੍ਰਮਵਾਰ ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰ ਜਾਇੰਟਸ ਦੇ ਕੋਚ ਹਨ। ਦ੍ਰਾਵਿੜ ਤੋਂ ਬਾਅਦ ਭਾਰਤੀ ਕੋਚ ਦੀ ਚੋਣ ਕਰਨ ਬਾਰੇ ਇਸ਼ਾਰਾ ਕਰਦੇ ਹੋਏ ਸ਼ਾਹ ਨੇ ਕਿਹਾ, 'ਰਾਸ਼ਟਰੀ ਟੀਮ ਲਈ ਸਹੀ ਕੋਚ ਲੱਭਣਾ ਲੰਬੀ ਪ੍ਰਕਿਰਿਆ ਹੈ। ਅਸੀਂ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਹੇ ਹਾਂ ਜੋ ਭਾਰਤੀ ਕ੍ਰਿਕਟ ਦੇ ਢਾਂਚੇ ਦੀ ਡੂੰਘੀ ਸਮਝ ਰੱਖਦਾ ਹੋਵੇ ਅਤੇ ਆਪਣੇ ਹੁਨਰ ਨਾਲ ਸਿਖਰ 'ਤੇ ਪਹੁੰਚਿਆ ਹੋਵੇ।
ਬੀ.ਸੀ.ਸੀ.ਆਈ. ਸਕੱਤਰ ਨੇ ਇਹ ਵੀ ਕਿਹਾ ਕਿ ਅਗਲੇ ਕੋਚ ਦੀ ਨਿਯੁਕਤੀ ਲਈ ਭਾਰਤ ਦੇ ਘਰੇਲੂ ਕ੍ਰਿਕਟ ਢਾਂਚੇ ਦੀ ਸਮਝ ਹੋਣੀ ਜ਼ਰੂਰੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਅਤੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੂੰ ਵੀ ਇਸ ਅਹੁਦੇ ਲਈ ਮੁੱਖ ਦਾਅਵੇਦਾਰਾਂ 'ਚੋਂ ਮੰਨਿਆ ਜਾ ਰਿਹਾ ਹੈ।


Aarti dhillon

Content Editor

Related News