ਧਵਨ ਦਾ ਅਪਮਾਨ ਨਹੀਂ, ਸ਼ਮਸੀ ਨੇ ਦਿੱਤੀ ਸਫਾਈ

09/26/2019 1:32:08 AM

ਨਵੀਂ ਦਿੱਲੀ— ਦੱਖਣੀ ਅਫਰੀਕੀ ਸਪਿਨਰ ਤਬਰੇਜ਼ ਸ਼ਮਸੀ ਨੇ ਭਾਰਤ ਖਿਲਾਫ ਬੈਂਗਲੁਰੂ ਵਿਚ ਖੇਡੇ ਗਏ ਤੀਸਰੇ ਟੀ-20 ਮੈਚ ਦੌਰਾਨ ਸ਼ਿਖਰ ਧਵਨ ਨੂੰ ਆਊਟ ਕਰਨ ਤੋਂ ਬਾਅਦ ਆਪਣਾ ਬੂਟ ਚੁੱਕ ਕੇ ਜਸ਼ਨ ਮਨਾਉਣ ਦੇ ਵਿਵਹਾਰ ਦੀ ਸਫਾਈ ਦਿੱਤੀ ਹੈ। ਦੱਖਣੀ ਅਫਰੀਕੀ ਟੀਮ ਨੇ ਕਮਾਲ ਦੀ ਗੇਂਦਬਾਜ਼ੀ ਕਰਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ 134 ਦੇ ਛੋਟੇ ਸਕੋਰ 'ਤੇ ਰੋਕ ਦਿੱਤਾ ਸੀ। ਭਾਰਤੀ ਪਾਰੀ ਦੌਰਾਨ ਗੇਂਦਬਾਜ਼ੀ ਕਰ ਰਹੇ ਅਫਰੀਕੀ ਸਪਿਨਰ ਸ਼ਮਸੀ ਹਾਲਾਂਕਿ ਉਸ ਸਮੇਂ ਸਾਰਿਆਂ ਦੀਆਂ ਨਜ਼ਰਾਂ ਵਿਚ ਆ ਗਿਆ, ਜਦੋਂ ਉਸ ਨੇ ਓਪਨਰ ਸ਼ਿਖਰ ਧਵਨ ਨੂੰ 36 ਦੌੜਾਂ 'ਤੇ ਆਊਟ ਕਰ ਦਿੱਤਾ।

PunjabKesari
ਧਵਨ ਦੇ ਆਊਟ ਹੋ ਕੇ ਮੈਦਾਨ 'ਚੋਂ ਜਾਣ ਦੌਰਾਨ ਸ਼ਮਸੀ ਨੇ ਆਪਣਾ ਬੂਟ ਲਾਹ ਕੇ ਉਸ ਨੂੰ ਹੱਥ ਵਿਚ ਲਿਆ।
ਉਸ ਨਾਲ ਫੋਨ ਕਰਨ ਦਾ ਨਾਟਕ ਕਰਨ ਲੱਗਾ। ਉਸ ਦੀ ਇਹ ਤਸਵੀਰ ਅਤੇ ਵੀਡੀਓ ਸੋਸ਼ਲ ਸਾਈਟ 'ਤੇ ਅਚਾਨਕ ਵਾਇਰਲ ਹੋ ਗਈ। ਪ੍ਰਸ਼ੰਸਕਾਂ ਨੇ ਇਸ ਨੂੰ ਅਪਮਾਨਜਨਕ ਕਰਾਰ ਦਿੱਤਾ ਅਤੇ ਅਫਰੀਕੀ ਸਪਿਨਰ ਦੇ ਵਿਵਹਾਰ 'ਤੇ ਨਾਰਾਜ਼ਗੀ ਵੀ ਜਤਾਈ।
29 ਸਾਲਾ ਸਪਿਨਰ ਨੇ ਟਵਿਟਰ 'ਤੇ ਧਵਨ ਦੇ ਨਾਲ ਆਪਣੀ ਤਸਵੀਰ ਅਤੇ ਮੈਚ ਦੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਿਆ, ''ਕੋਈ ਅਪਮਾਨ ਨਹੀਂ...ਸਿਰਫ ਪਿਆਰ, ਮਜ਼ਾ ਅਤੇ ਮਨੋਰੰਜਨ। ਮੈਂ ਬਿੱਗ ਮੈਨ ਤੋਂ ਪੁੱਛਿਆ ਕਿ ਉਸ ਨੇ ਮੇਰੀਆਂ ਪਹਿਲੀਆਂ 2 ਗੇਂਦਾਂ ਨੂੰ ਪਾਰਕ 'ਚੋਂ ਬਾਹਰ ਉਡਾਉਂਦੇ ਹੋਏ ਮੈਨੂੰ ਦੱਸਿਆ ਕਿਉਂ ਨਹੀਂ।''


Gurdeep Singh

Content Editor

Related News