NOAC : ਅੰਮ੍ਰਿਤਸਰ ਦੀ ਹਰਮਿਲਨ ਨੇ 1500 ਮੀਟਰ ਦੌੜ ’ਚ ਰਿਕਾਰਡ ਤੋੜ ਕੇ ਜਿੱਤਿਆ ਖ਼ਿਤਾਬ
Thursday, Sep 16, 2021 - 11:40 PM (IST)
ਵਾਰੰਗਲ (ਭਾਸ਼ਾ)–ਪੰਜਾਬ ਦੇ ਅੰਮ੍ਰਿਤਸਰ ਦੀ ਹਰਮਿਲਨ ਕੌਰ ਬੈਂਸ ਨੇ ਵੀਰਵਾਰ ਇੱਥੇ 60ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ’ਚ 19 ਸਾਲ ਪੁਰਾਣਾ ਰਿਕਾਰਡ ਤੋੜਦਿਆਂ 1500 ਮੀਟਰ ਦੌੜ ਦਾ ਖਿਤਾਬ ਜਿੱਤ ਲਿਆ, ਜਦਕਿ 100 ਮੀਟਰ ’ਚ ਦਿੱਲੀ ਦੀ ਤਰਨਜੀਤ ਕੌਰ ਨੇ ਬਾਜ਼ੀ ਮਾਰੀ। 21 ਸਾਲਾਂ ਦੀ ਹਰਮਿਲਨ ਨੇ 4 ਮਿੰਟ 5.39 ਸੈਕੰਡ ਦੇ ਸਮੇਂ ਨਾਲ ਸੁਨੀਤਾ ਰਾਣੀ ਦਾ 4 ਮਿੰਟ 6.03 ਸੈਕੰਡ ਦਾ ਰਿਕਾਰਡ ਤੋੜਿਆ, ਜਿਹੜਾ ਉਸ ਨੇ ਬੁਸਾਨ ’ਚ 2002 ਏਸ਼ੀਆਈ ਖੇਡਾਂ ’ਚ ਬਣਾਇਆ ਸੀ। ਦਿੱਲੀ ਦੀ ਕੇ. ਐੱਮ. ਚੰਦਾ 4 ਮਿੰਟ 18.24 ਸੈਕੰਡ ਨਾਲ ਦੂਜੇ ਸਥਾਨ ’ਤੇ ਰਹੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦਾ ਵੱਡਾ ਐਲਾਨ, ਵਰਲਡ ਕੱਪ ਤੋਂ ਬਾਅਦ ਛੱਡਣਗੇ ਟੀ-20 ਫਾਰਮੈੱਟ ਦੀ ਕਪਤਾਨੀ
ਜਨਵਰੀ 2020 ਤੋਂ ਰਾਸ਼ਟਰੀ ਪੱਧਰ ਦੇ 8 ਮੁਕਾਬਲਿਆਂ ’ਚ ਚੋਟੀ ’ਤੇ ਰਹੀ ਹਰਮਿਲਨ ਨੇ ਸ਼ਾਨਦਾਰ ਤਰੱਕੀ ਕੀਤੀ। ਉਸ ਨੇ ਪਿਛਲੇ ਸਾਲ ਭੁਵਨੇਸ਼ਵਰ ’ਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ 4 ਮਿੰਟ 14.68 ਸੈਕੰਡ ਦਾ ਸਮਾਂ ਲੈਣ ਤੋਂ ਬਾਅਦ ਇਸ ਸਾਲ 16 ਮਾਰਚ ਨੂੰ ਫੈੱਡਰੇਸ਼ਨ ਕੱਪ ’ਚ 4 ਮਿੰਟ 8.70 ਸੈਕੰਡ ਤੇ ਫਿਰ 21 ਜੂਨ ਨੂੰ ਇੰਡੀਅਨ ਗ੍ਰਾਂ. ਪ੍ਰੀ. ਵਿਚ 4 ਮਿੰਟ 08.27 ਸੈਕੰਡ ਦਾ ਸਮਾਂ ਲਿਆ ਸੀ। ਹੁਣ ਉਹ ਰਾਸ਼ਟਰੀ ਰਿਕਾਰਡ ਤੋੜਨ ’ਚ ਸਫਲ ਰਹੀ। ਤਰਨਜੀਤ ਨੇ 11.50 ਸੈਕੰਡ ਦੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ 100 ਮੀਟਰ ਦੌੜ ਦਾ ਖਿਤਾਬ ਜਿੱਤਿਆ।