ਨਿਊਜ਼ੀਲੈਂਡ ਮਹਿਲਾ ਟੀਮ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ ਕੀਤੀ ਵਾਪਸੀ

Monday, Oct 28, 2024 - 10:49 AM (IST)

ਅਹਿਮਦਾਬਾਦ, (ਭਾਸ਼ਾ)–ਕਪਤਾਨ ਸੋਫੀ ਡਿਵਾਈਨ ਦੀ ਆਲਰਾਊਂਡ ਖੇਡ ਨਾਲ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮਹਿਲਾ ਵਨ ਡੇ ਵਿਚ ਐਤਵਾਰ ਨੂੰ ਇੱਥੇ ਭਾਰਤ ਨੂੰ 76 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਡਿਵਾਈਨ ਨੇ 86 ਗੇਂਦਾਂ ਵਿਚ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ 27 ਦੌੜਾਂ ’ਤੇ 3 ਵਿਕਟਾਂ ਵੀ ਲਈਆਂ। ਭਾਰਤ ਲਈ ਰਾਧਾ ਯਾਦਵ ਨੇ 4 ਵਿਕਟਾਂ ਲੈਣ ਤੋਂ ਬਾਅਦ 48 ਦੌੜਾਂ ਬਣਾਈਆਂ ਪਰ ਉਸਦੀ ਕੋਸ਼ਿਸ਼ ਟੀਮ ਲਈ ਨਾਕਾਫੀ ਸਾਬਤ ਹੋਈ।

ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 259 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਦੀ ਪਾਰੀ ਨੂੰ 47.1 ਓਵਰਾਂ ਵਿਚ 183 ਦੌੜਾਂ ’ਤੇ ਸਮੇਟ ਕੇ ਲੜੀ ਨੂੰ 1-1 ਨਾਲ ਬਰਾਬਰ ਕੀਤਾ। ਲੜੀ ਦਾ ਤੀਜਾ ਤੇ ਫੈਸਲਾਕੁੰਨ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।

ਭਾਰਤੀ ਟੀਮ 108 ਦੌੜਾਂ ’ਤੇ 8 ਵਿਕਟਾਂ ਗਵਾਉਣ ਤੋਂ ਬਾਅਦ ਸ਼ਰਮਨਾਕ ਹਾਰ ਵੱਲ ਵੱਧ ਰਹੀ ਸੀ ਪਰ ਰਾਧਾ ਯਾਦਵ ਤੇ ਸਾਈਮਾ ਠਾਕੋਰ (29) ਵਿਚਾਲੇ ਨੌਵੀਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਵੱਡੇ ਫਰਕ ਨਾਲ ਹਾਰ ਤੋਂ ਬਚਾਇਆ। ਡਿਵਾਈਨ ਤੋਂ ਇਲਾਵਾ ਲੀਆ ਤਾਹੁਹੂ ਨੇ ਵੀ 3 ਵਿਕਟਾਂ ਲਈਆਂ ਜਦਕਿ ਇਕ ਪਾਸੇ ਜੈਸ ਕੇਰ ਤੇ ਈਡਨ ਕਾਰਸਨ ਨੂੰ 2-2 ਵਿਕਟਾਂ ਮਿਲੀਆਂ।

ਡਿਵਾਈਨ ਨੇ 86 ਗੇਂਦਾਂ ਵਿਚ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 79 ਦੌੜਾਂ ਬਣਾਈਆਂ। ਉਸ ਨੇ ਕੋ ਮੈਡੀ ਗ੍ਰੀਨ (41 ਗੇਂਦਾਂ ’ਚ 42 ਦੌੜਾਂ) ਦੇ ਨਾਲ 5ਵੀਂ ਵਿਕਟ ਲਈ 82 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਰਾਧਾ ਨੇ ਚਾਰ ਵਿਕਟਾਂ ਲਈਆਂ ਪਰ ਉਸ ਨੇ 69 ਦੌੜਾਂ ਵੀ ਦੇ ਦਿੱਤੀਆਂ। ਦੀਪਤੀ ਸ਼ਰਮਾ ਨੂੰ 2 ਸਫਲਤਾ ਮਿਲੀਆਂ ਜਦਕਿ ਪ੍ਰਿਯਾ ਮਿਸ਼ਰਾ ਤੇ ਸਾਈਮਾ ਨੂੰ ਇਕ-ਇਕ ਸਫਲਤਾ ਮਿਲੀ।

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੂੰ ਤਾਹੁਹੂ ਨੇ ਪਹਿਲੇ ਓਵਰ ਵਿਚ ਹੀ ਸਮ੍ਰਿਤੀ ਮੰਧਾਨਾ ਦਾ ਖਾਤਾ ਖੋਲ੍ਹੇ ਬਿਨਾਂ ਚੱਲਦਾ ਕੀਤਾ ਤਾਂ ਉੱਥੇ ਹੀ ਜੈਸ ਕੇਰ ਨੇ ਸ਼ੈਫਾਲੀ ਵਰਮਾ (11) ਨੂੰ ਐੱਲ. ਬੀ. ਡਬਲਯੂ. ਕੀਤਾ। ਤਾਹੁਹੂ ਨੇ ਯਾਸਤਿਕਾ ਭਾਟੀਆ (12) ਨੂੰ ਵਿਕਟਕੀਪਰ ਗੇਜ਼ ਇਸਾਬੇਲ ਗੇਜ਼ ਦੇ ਹੱਥੋਂ ਕੈਚ ਕਰਵਾਇਆ।

ਕਪਤਾਨ ਹਰਮਨਪ੍ਰੀਤ ਕੌਰ (24) ਤੇ ਜੇਮਿਮਾ ਰੋਡ੍ਰਿਗੇਜ਼ (17) ਦੀ ਸਾਂਝੇਦਾਰੀ ਖਤਰਨਾਕ ਹੁੰਦੀ, ਉਸ ਤੋਂ ਪਹਿਲਾਂ ਹੀ ਡਿਵਾਈਨ ਨੇ ਦੋਵਾਂ ਨੂੰ ਆਊਟ ਕਰਕੇ ਭਾਰਤ ਦਾ ਸਕੋਰ 5 ਵਿਕਟਾਂ ’ਤੇ 77 ਦੌੜਾਂ ਕਰ ਦਿੱਤਾ। ਤੇਜਲ ਹਸਬਨਿਸ ਤੇ ਦੀਪਤੀ ਸ਼ਰਮਾ ਦੀ ਸਾਂਝੇਦਾਰੀ ਦੇ ਨਾਲ ਵੀ ਅਜਿਹਾ ਹੀ ਹੋਇਆ। ਈਡਨ ਕਾਰਨਸ ਨੇ 25ਵੇਂ ਓਵਰ ਵਿਚ ਹਸਬਨਿਸ ਤੇ ਤਾਹੁਹੂ ਨੇ 26ਵੇਂ ਓਵਰ ਵਿਚ ਦੀਪਤੀ ਨੂੰ ਆਊਟ ਕਰਕੇ ਮੈਚ ਨੂੰ ਭਾਰਤ ਦੀ ਪਕੜ ਤੋਂ ਦੂਰ ਕਰ ਦਿੱਤਾ। ਦੋਵਾਂ ਨੇ 15-15 ਦੌੜਾਂ ਦਾ ਯੋਗਦਾਨ ਦਿੱਤਾ। ਅਰੁੰਧਤੀ ਰੈੱਡੀ (2) ਕਾਰਸਨ ਦਾ ਦੂਜਾ ਸ਼ਿਕਾਰ ਬਣੀ। ਰਾਧਾ ਤੇ ਸਾਈਮਾ ਨੇ ਇਸ ਤੋਂ ਬਾਅਦ ਦਿਲੇਰੀ ਨਾਲ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਜਿੱਤ ਦੇ ਇੰਤਜ਼ਾਰ ਨੂੰ ਲੰਬਾ ਕੀਤਾ। ਦੋਵਾਂ ਵਿਚਾਲੇ 70 ਦੌੜਾਂ ਦੀ ਸਾਂਝੇਦਾਰੀ ਨੂੰ ਜੈਸ ਕੇਰ ਨੇ ਸਾਈਮਾ ਨੂੰ ਆਊਟ ਕਰ ਤੋੜਿਆ। ਸਾਈਮਾ ਨੇ 54 ਗੇਂਦਾਂ ਦੀ ਪਾਰੀ ਵਿਚ 3 ਚੌਕੇ ਲਾਏ। ਰਾਧਾ ਨੇ ਡਿਵਾਈਨ ਦੀ ਗੇਂਦ ’ਤੇ ਲੌਰਿਨ ਡਾਊਨ ਨੂੰ ਕੈਚ ਦੇਣ ਤੋਂ ਪਹਿਲਾਂ 64 ਗੇਂਦਾਂ ਵਿਚ 5 ਚੌਕੇ ਲਾਏ।


Tarsem Singh

Content Editor

Related News