ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਬ੍ਰੇਸਵੈੱਲ ਨੂੰ ਬਣਾਇਆ ਕਪਤਾਨ
Wednesday, Mar 12, 2025 - 05:58 PM (IST)

ਕ੍ਰਾਈਸਟਚਰਚ– ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਐਤਵਾਰ ਨੂੰ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਲਈ ਮਾਈਕਲ ਬ੍ਰੇਸਵੈੱਲ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਨਿਊਜ਼ੀਲੈਂਡ ਦੇ ਚੋਣਕਰਤਾ ਸੈਮ ਵੇਲਜ਼ ਨੇ ਕਿਹਾ ਕਿ ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ’ਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹ ਲੜੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਨੂੰ ਆਈ. ਸੀ. ਸੀ. ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ ’ਚ ਪਹੁੰਚਾਉਣ ’ਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਬ੍ਰੇਸਵੈੱਲ ਰੈਗੂਲਰ ਸਫੈਦ ਗੇਂਦ ਦੇ ਕਪਤਾਨ ਮਿਚ ਸੇਂਟਨਰ ਦੀ ਜਗ੍ਹਾ ਲੈਣਗੇ।
ਬ੍ਰੇਸਵੈੱਲ ਲਈ ਘਰੇਲੂ ਧਰਤੀ ’ਤੇ ਨਿਊਜ਼ੀਲੈਂਡ ਦੀ ਅਗਵਾਈ ਕਰਨ ਦਾ ਇਹ ਪਹਿਲਾ ਮੌਕਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਦੌਰੇ ’ਤੇ ਸਫੈਦ ਗੇਂਦ ਟੀਮ ਦੀ ਕਪਤਾਨੀ ਕੀਤੀ ਸੀ। ਟੀਮ ’ਚ ਈਸ਼ ਸੋਢੀ ਦੀ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਅਤੇ ਵਿਲ ਓ ਰੂਰਕੇ ਪਹਿਲੇ 3 ਮੈਚਾਂ ’ਚ ਉਪਲਬਧ ਰਹਿਣਗੇ ਜਦਕਿ ਮੈਟ ਹੈਨਰੀ ਫਿੱਟਨੈੱਸ ਸਮੀਖਿਆ ਤੋਂ ਬਾਅਦ ਆਖਰੀ 2 ਮੈਚਾਂ ’ਚ ਖੇਡਣਗੇ।
ਟੀਮ ਦਾ ਕਪਤਾਨ ਬਣਾਏ ਜਾਣ ’ਤੇ ਬ੍ਰੇਸਵੈੱਲ ਨੇ ਕਿਹਾ,‘ਆਪਣੇ ਦੇਸ਼ ਦੀ ਕਪਤਾਨੀ ਕਰਨਾ ਬਹੁਤ ਸਨਮਾਨ ਤੇ ਕਿਸਮਤ ਦੀ ਗੱਲ ਹੈ। ਮੈਂ ਪਿਛਲੇ ਸਾਲ ਪਾਕਿਸਤਾਨ ’ਚ ਟੀਮ ਦੀ ਕਪਤਾਨੀ ਦਾ ਮਜ਼ਾ ਲਿਆ ਸੀ ਅਤੇ ਇਸ ਸੀਰੀਜ਼ ਲਈ ਉਨ੍ਹਾਂ ’ਚ ਕਈ ਖਿਡਾਰੀਆਂ ਦੀ ਟੀਮ ’ਚ ਵਾਪਸੀ ਬਹੁਤ ਵਧੀਆ ਹੈ। ਮਿਚ ਸੇਂਟਨਰ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਮੇਰਾ ਧਿਆਨ ਉਨ੍ਹਾਂ ਦੇ ਚੰਗੇ ਕੰਮ ਨੂੰ ਅੱਗੇ ਵਧਾਉਣ ’ਤੇ ਰਹੇਗਾ, ਨਾਲ ਹੀ ਟੀਮ ਦੇ ਪ੍ਰਦਰਸ਼ਨ ਲਈ ਹਾਂਪੱਖੀ ਮਾਹੌਲ ਤਿਆਰ ਕਰਨਾ ਹੋਵੇਗਾ।’