ਨਿਊਜ਼ੀਲੈਂਡ ਨੂੰ ਬੋਲਟ ਦੇ ''ਬਾਕਸਿੰਗ-ਡੇ'' ਟੈਸਟ ਤੱਕ ਫਿੱਟ ਹੋਣ ਦੀ ਉਮੀਦ
Tuesday, Dec 24, 2019 - 08:30 PM (IST)

ਮੈਲਬੋਰਨ- ਨਿਊਜ਼ੀਲੈਂਡ ਨੂੰ ਉਮੀਦ ਹੈ ਕਿ ਜਦੋਂ ਉਸ ਦੀ ਟੀਮ 30 ਸਾਲ ਤੋਂ ਵੀ ਵੱਧ ਸਮੇਂ ਬਾਅਦ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਆਸਟਰੇਲੀਆ ਖਿਲਾਫ 'ਬਾਕਸਿੰਗ ਡੇ' ਟੈਸਟ ਖੇਡਣ ਲਈ ਉਤਰੇਗੀ ਤਾਂ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਫਿੱਟ ਹੋ ਕੇ ਗੇਂਦਬਾਜ਼ੀ ਦੀ ਅਗਵਾਈ ਕਰਨ ਲਈ ਤਿਆਰ ਰਹੇਗਾ। ਇਹ ਤਜਰਬੇਕਾਰ ਤੇਜ਼ ਗੇਂਦਬਾਜ਼ ਮਾਸਪੇਸ਼ੀਆਂ 'ਚ ਖਿਚਾਅ ਕਾਰਣ ਪਰਥ ਵਿਚ ਪਹਿਲੇ ਟੈਸਟ ਮੈਚ ਵਿਚ ਨਹੀਂ ਖੇਡ ਸਕਿਆ ਸੀ, ਜਿਸ ਵਿਚ ਨਿਊਜ਼ੀਲੈਂਡ ਨੂੰ ਉਸ ਦੀ ਵੱਡੀ ਘਾਟ ਮਹਿਸੂਸ ਹੋਈ ਸੀ। ਆਸਟਰੇਲੀਆ ਨੇ ਇਹ ਮੈਚ 296 ਦੌੜਾਂ ਨਾਲ ਜਿੱਤਿਆ ਸੀ ਪਰ ਹੁਣ ਉਹ ਨੈੱਟਸ 'ਤੇ ਪਸੀਨਾ ਵਹਾ ਰਿਹਾ ਹੈ ਤੇ ਲੱਗਦਾ ਹੈ ਕਿ ਉਹ ਕ੍ਰਿਕਟ ਕੈਲੰਡਰ ਦੀਆਂ ਸਰਵਸ੍ਰੇਸ਼ਠ ਮਿਤੀਆਂ ਵਿਚੋਂ ਇਕ ਵਿਚ ਆਪਣੇ ਦੇਸ਼ ਦੀ ਅਗਵਾਈ ਕਰਨ ਲਈ ਤਿਆਰ ਹੈ।
ਇਸ 1 ਲੱਖ ਸਮਰੱਥਾ ਵਾਲੇ ਸਟੇਡੀਅਮ ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਦੇ ਪੁੱਜਣ ਦੀ ਉਮੀਦ ਹੈ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਆਖਰੀ ਵਾਰ 1987 ਵਿਚ 'ਬਾਕਸਿੰਗ-ਡੇ' ਟੈਸਟ ਵਿਚ ਆਸਟਰੇਲੀਆ ਦਾ ਸਾਹਮਣਾ ਕੀਤਾ ਸੀ। ਉਦੋਂ ਮੌਜੂਦਾ ਟੀਮ ਦੇ ਕਈ ਮੈਂਬਰਾਂ ਦਾ ਜਨਮ ਵੀ ਨਹੀਂ ਹੋਇਆ ਸੀ।