ਨਿਊਜ਼ੀਲੈਂਡ ਦੇ ਮਾਈਕਲ ਬ੍ਰੇਸਵੇਲ ਕੋਰੋਨਾ ਪਾਜ਼ੇਟਿਵ
Wednesday, Jun 15, 2022 - 07:22 PM (IST)
ਨਾਟਿੰਘਮ- ਨਿਊਜ਼ੀਲੈਂਡ ਦੇ ਸਪਿਨ ਆਲਰਾਊਂਡਰ ਮਾਈਕਲ ਬ੍ਰੇਸਵੇਲ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੂੰ ਪੰਜ ਦਿਨਾਂ ਲਈ ਇਕਾਂਤਵਾਸ 'ਤੇ ਭੇਜਿਆ ਗਿਆ ਹੈ ਤੇ ਉਮੀਦ ਹੈ ਕਿ ਉਹ ਹੇਡਿੰਗਲੀ 'ਚ ਹੋਣ ਵਾਲੇ ਤੀਜੇ ਟੈਸਟ ਤੋਂ ਪਹਿਲਾਂ ਫਿੱਟ ਹੋ ਜਾਣਗੇ, ਜੋ ਕਿ 23 ਜੂਨ ਤੋਂ ਸ਼ੁਰੂ ਹੋਣਾ ਹੈ। ਨਾਟਿੰਘਮ ਦੇ ਦੂਜੇ ਟੈਸਟ ਦੇ ਬਾਅਦ ਲੱਛਣ ਦਿਖਣ 'ਤੇ ਬ੍ਰੇਸਵੇਲ ਦਾ ਰੈਪਿਡ ਐਂਟੀਜ਼ਨ ਟੈਸਟ ਕਰਾਇਆ ਗਿਆ ਸੀ, ਜਿਸ 'ਚ ਉਹ ਕੋਵਿਡ-19 ਪਾਜ਼ੇਟਿਵ ਆਏ ਹਨ।
ਇਸ ਮੈਚ 'ਚ ਇੰਗਲੈਂਡ ਨੂੰ ਪੰਜ ਵਿਕਟਾਂ ਦੀ ਰੋਮਾਂਚਕ ਜਿੱਤ ਮਿਲੀ ਸੀ। ਦੂਜੇ ਪਾਸੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਪੰਜ ਦਿਨਾਂ ਦੇ ਇਕਾਂਤਵਾਸ ਦੇ ਬਾਅਦ ਟੀਮ ਨਾਲ ਜੁੜ ਗਏ ਹਨ। ਉਨ੍ਹਾਂ ਨੂੰ ਦੂਜੇ ਟੈਸਟ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਦੀ ਜਗ੍ਹਾ 'ਤੇ ਬ੍ਰੇਸਵੇਲ ਖੇਡੇ ਸਨ। ਡੈਬਿਊ ਮੈਚ 'ਚ ਉਨ੍ਹਾਂ ਨੇ ਪ੍ਰਭਾਵਿਤ ਕਰਦੇ ਹੋਏ 49 ਤੇ 25 ਦਾ ਸਕੋਰ ਬਣਾਇਆ ਤੇ ਪਹਿਲੀ ਪਾਰੀ 'ਚ ਤਿੰਨ ਵਿਕਟਾਂ ਵੀ ਲਈਆਂ।