ਜਲਦੀ ਵੇਖਣ ਨੂੰ ਮਿਲ ਸਕਦਾ ਹੈ ਬੀਬੀਆਂ ਦੀ ਕ੍ਰਿਕਟ ਦਾ ਰੋਮਾਂਚ

06/12/2020 5:14:03 PM

ਨਵੀਂ ਦਿੱਲੀ (ਬਿਊਰੋ) :ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.)ਵਲੋਂ ਇਸ ਸਾਲ ਬੀਬੀਆਂ ਦੀ ਕ੍ਰਿਕਟ ਦੀ ਤ੍ਰਿਕੋਣੀ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ ਦੀ ਮੇਜ਼ਬਾਨੀ ਲਈ ਭਾਰਤ ਅਤੇ ਦੱਖਣੀ ਅਫਰੀਕਾ ਦੇ ਕ੍ਰਿਕਟ ਬੋਰਡ ਨਾਲ ਗੱਲ ਕਰ ਰਿਹਾ ਹੈ। ਭਾਰਤੀ ਬੀਬੀਆਂ ਦੀ ਟੀਮ ਨੇ ਇੰਗਲੈਂਡ ਦੇ ਵਿਰੁੱਧ ਤਿੰਨ ਮੈਚਾਂ ਦੀ ਵਨ-ਡੇ ਅਤੇ ਇੰਨੇ ਹੀ ਮੈਚਾ ਦੀ ਟੀ-20 ਸੀਰੀਜ਼ ਖੇਡਣੀ ਸੀ ਪਰ ਫ਼ਿਲਹਾਲ ਇਹ ਮੁਲਤਵੀ ਕਰ ਦਿੱਤੀ ਗਈ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਮਾਰਚ ਵਿਚ ਖੇਡ ਗਤੀਵਿਧੀਆਂ ਠੱਪ ਪੈਣ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਹੋਇਆ ਬੀਬੀਆਂ ਦਾ ਟੀ-20 ਵਿਸ਼ਵ ਕੱਪ ਆਖਰੀ ਵੱਡਾ ਕ੍ਰਿਕਟ ਮੁਕਾਬਲਾ ਸੀ। 

ਪੜ੍ਹੋ ਇਹ ਅਹਿਮ ਖਬਰ- ਪ੍ਰਸਿੱਧ ਕ੍ਰਿਕਟ ਖਿਡਾਰੀਆਂ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਰੌਕਬੈਂਕ ਦੀਆਂ ਸੜਕਾਂ

ਈ.ਸੀ.ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਟੌਮ ਹੈਰੀਸਨ ਨੇ ਕਿਹਾ ਕਿ ਜੇਕਰ ਸਾਰੀਆਂ ਚੀਜ਼ਾਂ ਯੋਜਨਾ ਦੇ ਮੁਤਾਬਕ ਹੋਈਆਂ ਤਾਂ ਉਹਨਾਂ ਨੂੰ ਆਸ ਹੈ ਕਿ ਇਸ ਸਾਲ ਅੰਤਰਰਾਸ਼ਟਰੀ ਬੀਬੀਆਂ ਦੀ ਕ੍ਰਿਕਟ ਵੇਖਣ ਨੂੰ ਮਿਲ ਸਕਦੀ ਹੈ। ਹੈਰੀਸਨ ਨੇ ਟਫਰਸ ਅਤੇ ਵੌਨ ਪਾਡਕਾਸਟ ਦੇ ਦੌਰਾਨ ਕਿਹਾ,''ਜੇਕਰ  ਸਭ ਕੁਝ ਠੀਕ ਰਿਹਾ ਤਾਂ ਸਾਨੂੰ ਅੰਤਰਰਾਸ਼ਟਰੀ ਕ੍ਰਿਕਟ ਦੇਖਣ ਨੂੰ ਮਿਲ ਸਕਦਾ ਹੈ। ਯੋਜਨਾ ਹੈ ਕਿ ਇਸ ਸਾਲ ਇੰਗਲੈਂਡ ਦੀ ਟੀਮ ਕੁਝ ਅੰਤਰਰਾਸ਼ਟਰੀ ਕ੍ਰਿਕਟ ਖੇਡ ਸਕੇ।'' 

ਇਸ ਤ੍ਰਿਕੋਣੀ ਸੀਰੀਜ਼ ਲਈ ਬੀਬੀਆਂ ਦੀ ਕ੍ਰਿਕਟ ਦੀਆਂ ਟੀਮਾਂ ਨੂੰ ਬੁਲਾਉਣ ਦੇ ਇਰਾਦੇ ਨਾਲ ਬੀ.ਸੀ.ਸੀ.ਆਈ. ਅਤੇ ਕ੍ਰਿਕਟ ਦੱਖਣੀ ਅਫਰੀਕਾ ਨਾਲ ਗੱਲ ਕਰ ਰਹੇ ਹਨ। ਹੈਰੀਸਨ ਨੇ ਭਾਵੇਂਕਿ ਕਿਹਾ ਕਿ ਭਾਰਤ ਨੂੰ ਤ੍ਰਿਕੋਣੀ ਸੀਰੀਜ਼ ਲਈ ਸੱਦਾ ਦੇਣ ਦਾ ਫ਼ੈਸਲਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਜਾਨਲੇਵਾ ਬੀਮਾਰੀ ਨਾਲ ਕਿਵੇਂ ਨਜਿੱਠਦੇ ਹਨ ਜੋ ਉਪ ਮਹਾਦੀਪ ਵਿਚ ਫੈਲੀ ਹੋਈ ਹੈ।


Vandana

Content Editor

Related News