ਗਾਂਗੁਲੀ ਨੇ ਭਾਰਤ ਲਈ ਮੁੜ ਖੇਡਣ ਦੀ ਜ਼ਾਹਰ ਕੀਤੀ ਇੱਛਾ, ਕਹੀ ਇਹ ਗੱਲ
Friday, Jul 17, 2020 - 03:23 PM (IST)
ਨਵੀਂ ਦਿੱਲੀ (ਬਿਊਰੋ): ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਕ ਵਾਰ ਫਿਰ ਤੋਂ ਭਾਰਤ ਲਈ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਫਿੱਟ ਹਨ ਅਤੇ ਜੇਕਰ ਉਹਨਾਂ ਨੂੰ 3 ਮਹੀਨੇ ਦਾ ਸਮਾਂ ਦੇ ਦਿੱਤਾ ਜਾਵੇ ਤਾਂ ਉਹ ਟੈਸਟ ਵਿਚ ਮੁੜ ਦੌੜਾਂ ਬਣਾ ਸਕਦੇ ਹਨ। ਗਾਂਗੁਲੀ ਨੇ ਨਾਗਪੁਰ ਵਿਚ ਆਸਟ੍ਰੇਲੀਆ ਦੇ ਵਿਰੁੱਧ ਆਖਰੀ ਟੈਸਟ ਖੇਡਿਆ ਸੀ।
ਗਾਂਗੁਲੀ ਨੇ ਇਕ ਬੰਗਾਲੀ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ 2 ਵਨਡੇ ਸੀਰੀਜ ਹੋਰ ਖੇਡਣ ਨੂੰ ਮਿਲਦੀਆਂ ਤਾਂ ਉਹ ਜ਼ਿਆਦਾ ਦੌੜਾਂ ਬਣਾ ਸਕਦੇ ਸੀ। ਜੇਕਰ ਉਹ ਨਾਗਪੁਰ ਵਿਚ ਰਿਟਾਇਰ ਨਾ ਹੋਏ ਹੁੰਦੇ ਤਾਂ ਉਹ ਅਗਲੇ 2 ਟੈਸਟ ਮੈਚਾਂ ਵਿਚ ਦੌੜਾਂ ਬਣਾ ਸਕਦੇ ਸੀ।ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ 6 ਮਹੀਨੇ ਟਰੇਨਿੰਗ ਦਾ ਸਮਾਂ ਮਿਲ ਜਾਵੇ ਅਤੇ 3 ਰਣਜੀ ਮੈਚ ਖੇਡਾਂ ਤਾਂ ਮੈਂ ਅੱਜ ਵੀ ਭਾਰਤ ਲਈ ਟੈਸਟ ਕ੍ਰਿਕਟ ਵਿਚ ਦੌੜਾਂ ਬਣਾ ਸਕਦਾ ਹਾਂ। ਉਹਨਾਂ ਨੇ ਕਿਹਾ ਕਿ ਮੈਨੂੰ 6 ਮਹੀਨੇ ਦੀ ਵੀ ਲੋੜ ਨਹੀਂ ਹੈ ਸਿਰਫ ਤਿੰਨ ਮਹੀਨੇ ਹੀ ਦੇ ਦਿਓ। ਖੱਬੇ ਹੱਥ ਦੇ ਬਿਹਤਰੀਨ ਖਿਡਾਰੀ ਗਾਂਗੁਲੀ ਨੇ ਟੈਸਟ ਕ੍ਰਿਕਟ ਵਿਚ 42.17 ਦੀ ਔਸਤ ਨਾਲ 7212 ਦੌੜਾਂ ਬਣਾਈਆਂ ਹਨ। ਉਹਨਾਂ ਨੇ ਇਸ ਦੌਰਾਨ 16 ਸੈਂਕੜੇ ਅਤੇ 35 ਅਰਧ ਸੈਂਕੜੇ ਬਣਾਏ ਹਨ। ਵਨਡੇ ਦੀ ਗੱਲ ਕਰੀਏ ਤਾਂ ਉਹਨਾਂ ਨੇ 41 ਦੀ ਔਸਤ ਨਾਲ 311 ਮੈਚਾਂ ਵਿਚ 11363 ਦੌੜਾਂ ਬਣਾਈਆਂ ਜਿਸ ਵਿਚ 22 ਸੈਂਕੜੇ ਅਤੇ 72 ਅਰਧ ਸੈਂਕੜੇ ਸ਼ਾਮਲ ਹਨ।