ਧੋਨੀ-ਅੰਪਾਇਰ ਮਾਮਲੇ 'ਤੇ ਹਰਭਜਨ ਦਾ ਪਲਟਵਾਰ, ਆਲੋਚਕਾਂ ਖ਼ਿਲਾਫ਼ 'ਸੂਰ' ਸ਼ਬਦ ਦੀ ਕੀਤੀ ਵਰਤੋਂ
Friday, Oct 16, 2020 - 09:05 PM (IST)
ਸਪੋਰਟਸ ਡੈਸਕ : ਸਨਰਾਈਜਰਜ਼ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਸ਼ਾਰਦੁਲ ਠਾਕੁਰ ਦੀ ਗੇਂਦ ਨੂੰ ਮਹਿੰਦਰ ਸਿੰਘ ਧੋਨੀ ਦੇ ਡਰ ਤੋਂ ਅੰਪਾਇਰ ਪਾਲ ਰਾਇਫਲ ਨੇ ਵਾਇਡ ਨਹੀਂ ਦਿੱਤਾ ਸੀ। ਇਸ 'ਤੇ ਅਜੇ ਵੀ ਵਿਵਾਦ ਚੱਲ ਰਿਹਾ ਹੈ। ਹਰਭਜਨ ਸਿੰਘ ਨੇ ਧੋਨੀ ਅਤੇ ਅੰਪਾਇਰ ਦੇ ਰਿਐਕਸ਼ਨ ਵਾਲਾ ਵੀਡੀਓ ਹਾਸੇ ਵਾਲੇ ਇਮੋਜੀ ਨਾਲ ਸ਼ੇਅਰ ਕੀਤਾ ਸੀ। ਇਸ 'ਤੇ ਲੋਕਾਂ ਨੇ ਹਰਭਜਨ ਦੇ ਵੀਡੀਓ ਸ਼ੇਅਰ ਕਰਨ ਅਤੇ ਮਾਮਲੇ 'ਤੇ ਕੁੱਝ ਨਾ ਬੋਲਣ 'ਤੇ ਸਵਾਲ ਚੁੱਕੇ ਸਨ। ਹੁਣ ਹਰਭਜਨ ਨੇ ਇੱਕ ਹੋਰ ਟਵੀਟ ਕਰਦੇ ਹੋਏ ਲੋਕਾਂ ਨੂੰ ਮੁੰਹ ਤੋੜ ਜਵਾਬ ਦਿੱਤਾ ਹੈ।
ਹਰਭਜਨ ਨੇ ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਲਿਖਿਆ, ਮੈਂ ਬਹੁਤ ਪਹਿਲਾਂ ਇਹ ਸਿੱਖ ਚੁੱਕਾ ਹਾਂ ਕਿ 'ਸੂਰ' ਨਾਲ ਕੁਸ਼ਤੀ ਨਹੀਂ ਕਰਨੀ ਚਾਹੀਦੀ ਹੈ…। ਤੁਸੀਂ ਗੰਦੇ ਹੋ ਜਾਂਦੇ ਹੋ ਅਤੇ ਦੂਜੇ ਸੂਰ ਨੂੰ ਇਹ ਪਸੰਦ ਆਉਂਦਾ ਹੈ। ਇਹ ਟਵੀਟ ਹਰਭਜਨ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੰਦੇ ਹੋਏ ਲਿਖਿਆ ਹੈ ਜੋ ਵਾਰ-ਵਾਰ ਇਹ ਕਹਿ ਰਹੇ ਸਨ ਕਿ ਉਂਝ ਹਰਭਜਨ ਕਈ ਮਾਮਲਿਆਂ 'ਚ ਬੋਲਦੇ ਹਨ ਪਰ ਇਸ ਮਾਮਲੇ 'ਚ ਆਵਾਜ਼ ਨਹੀਂ ਚੁੱਕ ਰਹੇ ਹਨ।
ਦੱਸ ਦਈਏ ਕਿ ਹਰਭਜਨ ਇਸ ਵਾਰ ਆਈ.ਪੀ.ਐੱਲ. ਦਾ ਹਿੱਸਾ ਨਹੀਂ ਹਨ। ਜਿੱਥੇ ਤੱਕ ਇਸ ਮਾਮਲੇ ਦੀ ਗੱਲ ਹੈ ਤਾਂ ਇਹ ਸਭ ਸਨਰਾਈਜਰਜ਼ ਦੀ ਇਨਿੰਗ ਦੌਰਾਨ 19ਵੇਂ ਓਵਰ 'ਚ ਹੋਇਆ। ਸੀ.ਐੱਸ.ਕੇ. ਵੱਲੋਂ ਸ਼ਾਰਦੁਲ ਠਾਕੁਰ ਗੇਂਦਬਾਜ਼ੀ ਕਰ ਰਹੇ ਸਨ ਅਤੇ ਰਾਸ਼ਿਦ ਖਾਨ ਸਟ੍ਰਾਇਕ 'ਤੇ ਸਨ। ਪਹਿਲੀ ਗੇਂਦ 'ਤੇ ਰਾਸ਼ਿਦ ਨੇ 2 ਦੌੜਾਂ ਹਾਸਲ ਕੀਤੀਆਂ। ਅਗਲੀ ਗੇਂਦ ਵਾਇਡ ਗਈ। ਇਸ ਤੋਂ ਬਾਅਦ ਸ਼ਾਰਦੁਲ ਨੇ ਇੱਕ ਹੋਰ ਗੇਂਦ ਸੁੱਟੀ ਤਾਂ ਸਾਫ਼ ਤੌਰ 'ਤੇ ਵਾਇਡ ਜਾ ਰਹੀ ਸੀ। ਅੰਪਾਇਰ ਨੇ ਵਾਇਡ ਦਾ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਧੋਨੀ ਇਸ ਪੂਰੇ ਮਾਮਲੇ 'ਚ ਪੈ ਗਏ ਅਤੇ ਅੰਪਾਇਰ ਨੂੰ ਕੁੱਝ ਕਿਹਾ। ਇਸ ਦੌਰਾਨ ਧੋਨੀ ਗ਼ੁੱਸੇ 'ਚ ਦਿਖਾਈ ਦੇ ਰਹੇ ਸਨ ਜਿਸ ਤੋਂ ਬਾਅਦ ਅੰਪਾਇਰ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਵਾਇਡ ਨਹੀਂ ਦਿੱਤੀ।