ਸੈਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਸ਼ਾਂਤੀ ਕਦੇ ਮਹਿਸੂਸ ਨਹੀਂ ਕੀਤੀ : ਕੋਹਲੀ
Monday, Sep 07, 2020 - 09:52 PM (IST)
ਦੁਬਈ– ਹੁਣ ਤਕ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਰੇ ਸੈਸ਼ਨਾਂ ਵਿਚ ਮਿਲੀਆਂ ਅਸਫਲਤਾਵਾਂ ਤੋਂ ਖੁਦ ਨੂੰ ਵੱਖ ਕਰਕੇ ਵਿਰਾਟ ਕੋਹਲੀ ਤੇ ਉਸਦੀ ਰਾਇਲ ਚੈਲੰਜ਼ਰਜ਼ ਬੈਂਗਲੁਰੂ ਟੀਮ ਇਸ ਵਾਰ ਲੀਗ ਵਿਚ ਉਮੀਦਾਂ ਦੇ ਦਬਾਅ ਤੋਂ ਬਿਨਾਂ ਉਤਰੇਗੀ ਤੇ ਕੋਹਲੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ 'ਸ਼ਾਂਤੀ' ਉਸ ਨੇ 2016 ਵਿਚ ਮਹਿਸੂਸ ਕੀਤੀ ਸੀ। ਟੀਮ ਵਿਚ ਕੋਹਲੀ ਤੇ ਏ. ਬੀ. ਡਿਵਿਲੀਅਰਸ ਵਰਗੇ ਚੈਂਪੀਅਨ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਆਰ. ਸੀ. ਬੀ. ਪਿਛਲੇ 3 ਸੈਸ਼ਨਾਂ ਵਿਚ ਪਲੇਅ ਆਫ ਵਿਚ ਵੀ ਜਗ੍ਹਾ ਨਹੀਂ ਬਣਾ ਸਕੀ । ਆਖਰੀ ਵਾਰ ਟੀਮ 2016 ਵਿਚ ਫਾਈਨਲ ਵਿਚ ਪਹੁੰਚੀ ਸੀ, ਜਿਸ ਵਿਚ ਕੋਹਲੀ ਨੇ ਚਾਰ ਸੈਂਕੜੇ ਲਾਏ ਸਨ।
ਭਾਰਤੀ ਕਪਤਾਨ ਨੇ ਆਰ. ਸੀ. ਬੀ. ਦੇ ਬਿਆਨ ਵਿਚ ਕਿਹਾ, ''2016 ਵਿਚ ਆਈ. ਪੀ. ਐੱਲ. ਦਾ ਹਿੱਸਾ ਹੋਣਾ ਸੁਖਦਾਇਕ ਸੀ। ਉਸ ਤੋਂ ਬਾਅਦ ਤੋਂ ਇਹ ਸਭ ਤੋਂ ਸੰਤੁਲਿਤ ਟੀਮ ਹੈ।'' ਕੋਹਲੀ ਨੇ ਕਿਹਾ ਕਿ ਉਹ ਤੇ ਡਿਵਿਲੀਅਰ ਦੋਵੇਂ ਮਹਿਸੂਸ ਕਰ ਰਹੇ ਹਨ ਕਿ ਇਸ ਸੈਸ਼ਨ ਵਿਚ ਕਾਮਯਾਬੀ ਮਿਲ ਸਕਦੀ ਹੈ। ਉਸ ਨੇ ਕਿਹਾ, ''ਮੈਂ ਸੈਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਸ਼ਾਂਤੀ ਕਦੇ ਮਹਿਸੂਸ ਨਹੀਂ ਕੀਤੀ। ਏ. ਬੀ. ਵੀ ਮਹਿਸੂਸ ਕਰ ਰਿਹਾ ਹੈ ਤੇ ਉਹ ਪੂਰੀ ਤਰ੍ਹਾਂ ਫਿੱਟ ਹੋ ਕੇ ਆਇਆ ਹੈ। ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਆਈ. ਪੀ. ਐੱਲ. ਦੇ ਮਾਹੌਲ ਦਾ ਸਵਾਲ ਹੈ ਤਾਂ ਮੈਂ ਬਿਹਤਰ ਤੇ ਜ਼ਿਆਦਾ ਸੰਤੁਲਿਤ ਮਹਿਸੂਸ ਕਰ ਰਿਹਾ ਹਾਂ।'' ਕੋਹਲੀ ਨੇ ਕਿਹਾ,''ਅਤੀਤ ਦੀਆਂ ਚੀਜ਼ਾਂ ਨੂੰ ਭੁੱਲ ਕੇ ਅਸੀਂ ਉਮੀਦਾਂ ਦੇ ਦਬਾਅ ਦੇ ਬਿਨਾਂ ਖੇਡਾਂਗੇ। ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਹਾਂ।'' ਉਸ ਨੇ ਕਿਹਾ, ''ਸਾਡੇ ਕੋਲ ਕਾਫੀ ਹੁਨਰਮੰਦ ਖਿਡਾਰੀ ਹਨ ਤੇ ਲੋਕ ਉਨ੍ਹਾਂ ਨੂੰ ਖੇਡਦੇ ਹੋਏ ਦੇਖਣਾ ਪਸੰਦ ਕਰਦੇ ਹਾਂ। ਇਹ ਹੀ ਵਜ੍ਹਾ ਹੈ ਕਿ ਟੀਮ ਤੋਂ ਇੰਨੀਆਂ ਉਮੀਦਾਂ ਵੀ ਹਨ।''